ਤਪਦੀ ਗਰਮੀ 'ਚ ਬਿਨ੍ਹਾਂ ਕਿਸੇ ਭੇਦਭਾਵ ਤੋਂ ਲੋਕਾਂ ਦੀ ਪਿਆਸ ਬੁਝਾ ਰਹੇ ਨੇ ਸਰਦਾਰ ਜੀ
ਦਿੱਲੀ ਸਫ਼ਦਰਜੰਗ ਏਅਰਪੋਰਟ ਬਸ ਸਟੈਂਡ 'ਤੇ ਤਪਦੀ ਗਰਮੀ ਵਿੱਚ ਬਿਨ੍ਹਾਂ ਕਿਸੇ ਧਰਮ ਦੇ ਪਾਣੀ ਪਿਲਾਉਣ ਵਾਲੇ ਇਹ ਸਰਦਾਰ ਜੀ।
ਨਵੀਂ ਦਿੱਲੀ: : ਦਿੱਲੀ ਸਫ਼ਦਰਜੰਗ ਏਅਰਪੋਰਟ ਬਸ ਸਟੈਂਡ 'ਤੇ ਤਪਦੀ ਗਰਮੀ ਵਿੱਚ ਬਿਨ੍ਹਾਂ ਕਿਸੇ ਧਰਮ ਦੇ ਪਾਣੀ ਪਿਲਾਉਣ ਵਾਲੇ ਇਹ ਸਰਦਾਰ ਜੀ। ਇਨਸਾਨੀਅਤ ਦਾ ਫਰਜ਼ ਬਾਖੂਬੀ ਨਿਭਾ ਰਹੇ ਹਨ। ਬੇਸ਼ੱਕ ਦਿੱਲੀ ਨੂੰ ਦਿਲ ਵਾਲਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ, ਪਰ ਸ਼ਹਿਰ ਵਾਸੀਆਂ ਬਾਰੇ ਇੱਕ ਗੱਲ ਹੋਰ ਵੀ ਮਸ਼ਹੂਰ ਹੈ ਕਿ ਇਹ ਲੋੜ ਪਈ ਤੋਂ ਬਗ਼ੈਰ ਤਾਂ ਪਾਣੀ ਤਕ ਨਹੀਂ ਪੁੱਛਦੇ ਪਰ ਇਹ ਸਰਦਾਰ ਜੀ ਇਸ ਧਾਰਨਾ ਨੂੰ ਆਪਣੇ ਨੇਕ ਕੰਮ ਨਾਲ ਝੂਠਾ ਪਾ ਰਹੇ ਹਨ।
ਇਸੇ ਨੇਕੀ ਸਦਕਾ ਇਹ ਇੰਟਰਨੈੱਟ 'ਤੇ ਖ਼ੂਬ ਸਲਾਹੇ ਵੀ ਜਾ ਰਹੇ ਹਨ। ਇਹ ਕੌਣ ਹਨ ਇਸ ਬਾਰੇ ਕੁਝ ਨਹੀਂ ਪਤਾ ਪਰ ਇਹ ਜੋ ਕਰ ਰਹੇ ਹਨ ਉਹ ਵਾਕਿਆ ਹੀ ਮਹਾਨ ਤੇ ਹਿੰਮਤਵਾਲਾ ਕੰਮ ਹੈ। ਲਾਲ ਪਗੜੀ ਪਹਿਨੇ ਸਰਦਾਰ ਜੀ ਇਕੱਲੇ ਹੀ ਗਰਮੀ ਕਾਰਨ ਲੂ ਵਿੱਚ ਸੜ ਰਹੇ ਦਿੱਲੀ ਵਾਸੀਆਂ ਲਈ ਆਪਣੇ ਸਕੂਟਰ 'ਤੇ ਹੀ ਜਲ ਛਕਾ ਰਹੇ ਹਨ।
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਉਹ ਬੱਸ ਵਿੱਚ ਬੈਠੀਆਂ ਸਵਾਰੀਆਂ ਦੇ ਨਾਲ-ਨਾਲ ਕਈ ਰਾਹਗੀਰਾਂ ਦੀਆਂ ਵੀ ਪਾਣੀ ਵਾਲੀਆਂ ਬੋਤਲਾਂ ਭਰ ਕੇ ਦੇ ਰਹੇ ਹਨ। ਦੋ ਬਾਲਟੀਆਂ, ਦੋ-ਤਿੰਨ ਗਲਾਸ, ਇੱਕ ਸਕੂਟਰ ਦੀ ਮਦਦ ਨਾਲ ਇਸ ਬਜ਼ੁਰਗ ਸਿੱਖ ਨੇ ਮਨੁੱਖਤਾ ਦੀ ਸੇਵਾ ਦੀ ਮਿਸਾਲ ਕਾਇਮ ਤਾਂ ਕੀਤੀ ਹੀ ਹੈ ਉੱਥੇ ਇਹ ਵੀ ਸਿੱਖਿਆ ਦੇ ਰਹੇ ਹਨ ਕਿ ਕੁਝ ਚੰਗ ਕਰਨ ਲਈ ਹੋਰਾਂ ਦੇ ਸਾਥ ਦੀ ਲੋੜ ਨਹੀਂ ਸਗੋਂ ਆਪਣਾ ਦ੍ਰਿੜ ਇਰਾਦਾ ਚਾਹੀਦਾ ਹੈ।