ਦਿੱਲੀ ਦੇ ਹਸਪਤਾਲਾਂ 'ਚ ਹੋਵੇਗਾ ਸਿਰਫ਼ ਦਿੱਲੀ ਵਾਲਿਆਂ ਦਾ ਇਲਾਜ - ਅਰਵਿੰਦ ਕੇਜਰੀਵਾਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਰਵਿੰਦ ਕੇਜਰੀਵਾਲ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਡੀਆ ਨੂੰ ਸੰਬੋਧਿਤ ਕਰਦਿਆਂ 8 ਜੂਨ ਤੋਂ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਬਾਰੇ ਦੱਸਿਆ

Arvind Kejriwal

ਨਵੀਂ ਦਿੱਲੀ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਫੇਸਬੁੱਕ ਪੇਜ਼ 'ਤੇ ਲਾਈਵ ਹੋ ਕੇ ਇਹ ਐਲਾਨ ਕੀਤਾ ਹੈ ਕਿ ਦਿੱਲੀ ਵਿਚ 8 ਜੂਨ ਯਾਨੀ ਕੱਲ੍ਹ ਤੋਂ ਸ਼ਾਪਿੰਗ ਮਾਲ, ਰੈਸਟੋਰੈਂਟ ਅਤੇ ਮੰਦਰ ਜਨਤਾ ਲਈ ਖੋਲ੍ਹ ਦਿੱਤੇ ਜਾਣਗੇ। ਹਾਲਾਂਕਿ, ਹੋਟਲ ਅਤੇ ਬੈਂਕਿਊਟ ਹਾਲ ਬੰਦ ਰਹਿਣਗੇ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਅਧੀਨ ਹਸਪਤਾਲਾਂ ਦੇ ਸਾਰੇ ਬੈੱਡ ਦਿੱਲੀ ਦੇ ਵਸਨੀਕਾਂ ਲਈ ਸੁਰੱਖਿਅਤ ਰਹਿਣਗੇ, ਜਦੋਂ ਕਿ ਕੇਂਦਰ ਦੇ ਅਧੀਨ ਹਸਪਤਾਲ ਦਿੱਲੀ ਤੋਂ ਬਾਹਰ ਵਾਲਿਆਂ ਲਈ ਵੀ ਹੋਣਗੇ।

ਦਿੱਲੀ ਸਰਕਾਰ ਨੇ ਸੋਮਵਾਰ ਤੋਂ ਕਈ ਕਾਰੋਬਾਰੀ ਅਦਾਰੇ ਖੋਲ੍ਹਣ ਦਾ ਫੈਸਲਾ ਕੀਤਾ ਹੈ। ਸੀਐਮ ਅਰਵਿੰਦ ਕੇਜਰੀਵਾਲ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਡੀਆ ਨੂੰ ਸੰਬੋਧਿਤ ਕਰਦਿਆਂ 8 ਜੂਨ ਤੋਂ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਬਾਰੇ ਦੱਸਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਇਨਫੈਕਸ਼ਨ ਅਤੇ ਸਿਹਤ ਸਹੂਲਤਾਂ ਬਾਰੇ ਸਲਾਹ ਦੇਣ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ।

ਉਨ੍ਹਾਂ ਕਿਹਾ ਕਿ ਕਮੇਟੀ ਨੇ ਜੂਨ ਦੇ ਅੰਤ ਤੱਕ 15,000 ਬੈਡ ਦੇਣ ਦੀ ਸਿਫਾਰਸ਼ ਕੀਤੀ ਹੈ। ਇਸ ਤੋਂ ਇਲਾਵਾ ਵਰਮਾ ਕਮੇਟੀ ਨੇ ਦਿੱਲੀ ਦੇ ਹਸਪਤਾਲਾਂ ਦੇ ਬਿਸਤਰਿਆਂ ਨੂੰ ਦਿੱਲੀ ਵਾਸੀਆਂ ਲਈ ਸੁਰੱਖਿਅਤ ਬਣਾਉਣ ਦੀ ਸਿਫਾਰਸ਼ ਵੀ ਕੀਤੀ ਹੈ। ਸੀਐਮ ਨੇ ਕਿਹਾ ਕਿ ਮੰਤਰੀ ਮੰਡਲ ਦੀ ਬੈਠਕ ਵਿਚ ਇਨ੍ਹਾਂ ਸਾਰੇ ਮੁੱਦਿਆਂ ਉੱਤੇ ਵਿਚਾਰ ਵਟਾਂਦਰੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਨੇ ਇਸ ਬਾਰੇ ਲੋਕਾਂ ਤੋਂ ਰਾਏ ਵੀ ਮੰਗੀ ਸੀ। ਦਿੱਲੀ ਦੇ ਲੋਕਾਂ ਨੇ ਇਥੋਂ ਦੇ ਸਥਾਨਕ ਨਿਵਾਸੀਆਂ ਲਈ ਰਾਜ ਦੇ ਹਸਪਤਾਲਾਂ ਵਿਚ ਮੌਜੂਦ ਬੈੱਡਾਂ ਨੂੰ ਰਾਖਵਾਂ ਰੱਖਣ ਲਈ ਵੀ ਆਪਣੀ ਰਾਏ ਜ਼ਾਹਰ ਕੀਤੀ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਦਿੱਲੀ ਦੇ ਨਿੱਜੀ ਹਸਪਤਾਲਾਂ ਦੇ ਬੈਡ ਵੀ ਕੋਰੋਨਾ ਸੰਕਟ ਤਕ ਦਿੱਲੀ ਦੇ ਲੋਕਾਂ ਲਈ ਸੁਰੱਖਿਅਤ ਰਹਿਣਗੇ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਕੁਝ ਵਿਸ਼ੇਸ਼ ਨਿੱਜੀ ਹਸਪਤਾਲਾਂ ਵਿਚ, ਦੇਸ਼ ਭਰ ਤੋਂ ਲੋਕ ਆਉਂਦੇ ਹਨ ਅਤੇ ਸਰਜਰੀ ਕਰਵਾਉਂਦੇ ਹਨ, ਉਹ ਸਾਰਿਆਂ ਲਈ ਖੁੱਲੇ ਹੋਣਗੇ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮਹੱਤਵਪੂਰਣ ਪ੍ਰੈਸ ਕਾਨਫਰੰਸ ਵਿੱਚ ਇੱਕ ਵਾਰ ਫਿਰ ਤੋਂ ਦਿੱਲੀ ਤੋਂ ਸਾਰਿਆਂ ਲਈ ਸਰਹੱਦਾਂ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਅਨੁਸਾਰ, ਸਰਹੱਦਾਂ 8 ਜੂਨ ਤੋਂ ਖੋਲ੍ਹ ਦਿੱਤੀਆਂ ਜਾਣਗੀਆਂ।