12 ਘੰਟੇ 'ਚ 8 ਹਸਪਤਾਲਾਂ ਨੇ ਭਰਤੀ ਕਰਨ ਤੋਂ ਕੀਤਾ ਇਨਕਾਰ, 8 ਮਹੀਨੇ ਦੀ ਗਰਭਵਤੀ ਔਰਤ ਨੇ ਤੋੜਿਆ ਦਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਅੱਠ ਮਹੀਨੇ ਦੀ ਗਰਭਵਤੀ ਔਰਤ ਦੀ ਮੌਤ ਹੋ ਗਈ ਹੈ।

Pregnant Woman denied from admit in hospital

ਲਖਨਊ: ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਅੱਠ ਮਹੀਨੇ ਦੀ ਗਰਭਵਤੀ ਔਰਤ ਦੀ ਮੌਤ ਹੋ ਗਈ ਹੈ। ਔਰਤ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ 12 ਘੰਟਿਆਂ ਦੌਰਾਨ ਜ਼ਿਲ੍ਹੇ ਦੇ 8 ਹਸਪਤਾਲਾਂ ਨੇ ਉਸ ਨੂੰ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ।

ਸਮੇਂ 'ਤੇ ਇਲਾਜ ਨਾ ਮਿਲਣ ਕਾਰਨ ਔਰਤ ਦੀ ਮੌਤ ਹੋ ਗਈ। ਮਹਿਲਾ ਨੂੰ ਹਾਈ ਬਲੱਡ ਪ੍ਰੈਸ਼ਰ ਦੇ ਚਲਦਿਆਂ ਸਾਹ ਲੈਣ ਵਿਚ ਮੁਸ਼ਕਿਲ ਹੋ ਰਹੀ ਸੀ। ਗੌਤਮਬੁੱਧ ਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮਾਮਲੇ ਵਿਚ ਜਾਂਚ ਦੇ ਆਦੇਸ਼ ਦਿੱਤੇ ਹਨ।

ਖ਼ਬਰਾਂ ਅਨੁਸਾਰ ਮਹਿਲਾ ਗਾਜ਼ੀਆਬਾਦ ਦੇ ਖੋੜਾ ਇਲਾਕੇ ਦੀ ਨਿਵਾਸੀ ਸੀ ਅਤੇ ਉਸ ਦੇ ਪਰਿਵਾਰ ਵਿਚ ਪਤੀ ਅਤੇ ਇਕ ਪੰਜ ਸਾਲ ਦਾ ਲੜਕਾ ਹੈ। ਮਹਿਲਾ ਦੇ ਭਰਾ ਨੇ ਮੀਡੀਆ ਨੂੰ ਦੱਸਿਆ ਕਿ ਉਹ ਅਪਣੀ ਭੈਣ ਅਤੇ ਉਸ ਦੇ ਪਤੀ ਨਾਲ ਸ਼ਹਿਰ ਦੇ ਕਈ ਹਸਪਤਾਲਾਂ ਵਿਚ ਗਏ। ਪਰ ਕਿਸੇ ਵੀ ਹਸਪਤਾਲ ਨੇ ਉਸ ਨੂੰ ਭਰਤੀ ਨਹੀਂ ਕੀਤਾ।

ਇਸ ਦੌਰਾਨ ਹਸਪਤਾਲਾਂ ਨੇ ਕਿਹਾ ਕਿ ਉਹਨਾਂ ਕੋਲ ਮਰੀਜ਼ ਭਰਤੀ ਕਰਨ ਲਈ ਬੈੱਡ ਨਹੀਂ ਹਨ। ਇਸ ਸਬੰਧੀ ਹਸਪਤਾਲਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਮਹਿਲਾ ਨੂੰ ਭਰਤੀ ਕੀਤਾ ਸੀ ਤੇ ਵੈਂਟੀਲੇਟਰ 'ਤੇ ਰੱਖਿਆ ਸੀ ਪਰ ਬਾਅਦ ਵਿਚ ਉਸ ਨੂੰ ਦੂਜੇ ਹਸਪਤਾਲ ਰੈਫਰ ਕੀਤਾ ਗਿਆ।

ਇਸ ਤੋਂ ਬਾਅਦ ਔਰਤ ਨੂੰ ਫੋਰਟਿਸ ਹਸਪਤਾਲਾਂ ਵਿਚ ਲਿਜਾਇਆ ਗਿਆ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਅਧਿਕਾਰੀਆਂ ਨੂੰ ਜਲਦ ਤੋਂ ਜਲਦ ਜਾਂਚ ਖਤਮ ਕਰ ਕੇ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।