ਆਮ ਜਨਤਾ ਦੇ ਹਿਤ ਵਿਚ ਮਜ਼ਬੂਤ ਨਹੀਂ, ਮਜਬੂਰ ਸਰਕਾਰ ਚਾਹੀਦੀ ਹੈ : ਮਾਇਆਵਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਇਆਵਤੀ ਨੇ ਕਿਹਾ ਕਿ ਅਜਿਹਾ ਇਸ ਲਈ ਕਿ ਸਰਕਾਰ ਦੇ ਦਿਲ-ਦਿਮਾਗ ਵਿਚ ਜਨਤਾ ਦੀ ਭਲਾਈ ਦਾ ਡਰ ਲਗਾਤਾਰ ਬਣਿਆ ਰਹੇ

Mayawati

ਲਖਨਊ : ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਨੇ ਕਿਹਾ ਕਿ ਸਾਲਾਂ ਤੋਂ ਕੇਂਦਰ ਅਤੇ ਸੂਬਿਆਂ ਵਿਚ ਦੋਵੇਂ ਜਗ੍ਹਾ ਬੀਜੇਪੀ ਦੀ ਪੂਰਨ ਬਹੁਮਤ ਦੀ ਸਰਕਾਰ ਹੋਣ ਦੇ ਬਾਵਜੂਦ ਯੂਪੀ ਵਿਚ ਥੋੜਾ ਵੀ ਲੋੜੀਂਦਾ ਸੁਧਾਰ ਨਾ ਹੋ ਸਕਣ 'ਤੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਆਮ ਜਨਤਾ ਦੇ ਹਿੱਤ 'ਚ ਮਜ਼ਬੂਤ ਨਹੀਂ ਸਗੋਂ ਮਜਬੂਰ ਸਰਕਾਰ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਕਿ ਸਰਕਾਰ ਦੇ ਦਿਲ-ਦਿਮਾਗ ਵਿਚ ਜਨਤਾ ਦੀ ਭਲਾਈ ਦਾ ਡਰ ਲਗਾਤਾਰ ਬਣਿਆ ਰਹੇ ਅਤੇ ਨਾ ਤਾਂ ਸਰਕਾਰ ਬੇਕਾਬੂ ਹੋ ਸਕੇ ਅਤੇ ਨਾ ਹੀ ਸੱਧਾਧਾਰੀ ਪਾਰਟੀ ਦੇ ਲੋਕ ਅਪਣੇ ਆਪ ਨੂੰ ਕਾਨੂੰਨ ਤੋਂ ਉਪਰ ਸਮਝ ਕੇ ਹਰ ਪੱਧਰ 'ਤੇ ਅਤੇ ਹਰ  ਪ੍ਰਕਾਰ ਦੀ ਅਰਾਜਕਤਾ ਅਤੇ ਭ੍ਰਿਸ਼ਟਾਚਾਰ ਫ਼ੈਲਾਅ ਕੇ ਜਨਤਾ ਦਾ ਜਿਉਣਾ ਔਖਾ ਕਰੇ।

ਮਾਇਆਵਤੀ ਨੇ ਉਚ ਅਹੁਦੇਦਾਰਾਂ ਦੀ ਬੈਠਕ ਵਿਚ ਪਾਰਟੀ ਸੰਗਠਨ ਅਤੇ ਕੈਡਰ ਦੀਆਂ ਤਿਆਰੀਆਂ ਅਤੇ ਗਤੀਵਿਧੀਆਂ ਆਦਿ ਦੀ ਸਮੀਖਿਆ ਕੀਤੀ।  ਉਨ੍ਹਾਂ ਨੇ ਇਸ ਵਿਚ ਖ਼ਾਮੀਆਂ ਦੇਖਦਿਆਂ ਪਾਰਟੀ ਵਿਚ ਜ਼ਰੂਰੀ ਫ਼ੇਰਬਦਲ ਕਰਦਿਆਂ ਨਵੇਂ ਦਿਸ਼ਾ-ਨਿਰਦੇਸ਼ ਦਿਤੇ। ਇਸ 'ਤੇ ਸਖ਼ਤੀ ਨਾਲ ਅਮਲ ਕਰਨ ਦੀ ਚਿਤਾਵਨੀ ਵੀ ਦਿਤੀ। ਬਾਅਦ ਵਿਚ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਸਮੀਖਿਆ ਬੈਠਕ 'ਚ ਇਹ ਸਾਹਮਣੇ ਆਇਆ ਹੈ ਕਿ ਯੂਪੀ ਦੇ ਪੂਰਵਾਂਚਲ ਇਲਾਕੇ ਦੇ ਪਿੰਡ, ਗ਼ਰੀਬ, ਕਿਸਾਨ ਆਦਿ ਸਾਰਿਆਂ ਦਾ ਬੁਰਾ ਹਾਲ ਹੈ ਜਦਕਿ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਦੋਵੇਂ ਇਥੋਂ ਆਉਂਦੇ ਹਨ।

ਬਿਆਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਆਮ ਜਨਤਾ ਨੂੰ ਰੋਜ਼ਾਨਾ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਦਾ ਘੇਰਾ ਵੀ ਲਗਾਤਾਰ ਸੁੰਗੜਦਾ ਜਾ ਰਿਹਾ ਹੈ। ਕਾਨੂੰਨ ਵਿਵਸਥਾ ਦੇ ਨਾਲ-ਨਾਲ ਬਿਜਲੀ, ਸੜਕ, ਪਾਣੀ, ਸਿਹਤ, ਸਿੱਖਿਆ ਅਤੇ ਆਵਾਜਾਈ ਆਦਿ ਦਾ ਬਹੁਤ ਹੀ ਬੁਰਾ ਹਾਲ ਹੈ। ਸੰਸਦ ਵਿਚ ਕਲ ਪੇਸ਼ ਬਜਟ 'ਤੇ ਪ੍ਰਤੀਕਿਰਿਆ ਦਿੰਦਿਆਂ ਮਾਇਆਵਤੀ ਨੇ ਕਿਹਾ ਕਿ ਬੀਜੇਪੀ ਦੀ ਸਰਕਾਰ 'ਕਲਿਆਣਕਾਰੀ' ਸਰਕਾਰ ਹੋਣ ਦੀ ਬਜਾਇ 'ਵਪਾਰਕ ਮਾਨਸਿਕਤਾ ਵਾਲੀ ਸਰਕਾਰ' ਬਣਦੀ ਜਾ ਰਹੀ ਹੈ।