ਭਾਰਤ ਨੂੰ ਵਿਕਸਤ ਦੇਸ਼ ਬਣਾਉਣ ’ਚ ਲੋਕਾਂ ਦਾ ਉਤਸ਼ਾਹ, ਸ਼ਾਨਦਾਰ ਕੰਮ ਸਾਡੀ ਸੱਭ ਤੋਂ ਵੱਡੀ ਤਾਕਤ : ਮੋਦੀ
ਕਿਹਾ, ਵਿਦੇਸ਼ੀ ਉਤਪਾਦਾਂ ’ਤੇ ਨਿਰਭਰਤਾ ਘਟਾਉਣਾ ਅਤੇ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨਾ ਮੇਰੀਆਂ ਮਹੱਤਵਪੂਰਨ ਪ੍ਰਾਪਤੀਆਂ ’ਚੋਂ ਇਕ ਹੈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵੱਖ-ਵੱਖ ਖੇਤਰਾਂ ’ਚ ਭਾਰਤੀਆਂ ਦਾ ਬਿਹਤਰੀਨ ਕੰਮ ਅਤੇ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦਾ ਉਤਸ਼ਾਹ ਦੇਸ਼ ਦੀ ਸੱਭ ਤੋਂ ਵੱਡੀ ਤਾਕਤ ਹੈ।
ਜੈਨ ਇੰਟਰਨੈਸ਼ਨਲ ਟਰੇਡ ਆਰਗੇਨਾਈਜ਼ੇਸ਼ਨ (ਜੇ.ਆਈ.ਟੀ.ਓ.) ‘ਇਨਕਿਊਬੇਸ਼ਨ ਇਨੋਵੇਸ਼ਨ ਫੰਡ’ ਦੇ ਸੱਤਵੇਂ ਸਥਾਪਨਾ ਦਿਵਸ ’ਤੇ ਲਿਖਤੀ ਸੰਦੇਸ਼ ’ਚ ਮੋਦੀ ਨੇ ਕਿਹਾ ਕਿ ਦੁਨੀਆਂ ਭਰ ’ਚ ਭਾਰਤ ’ਚ ਜੋ ਉਮੀਦ ਅਤੇ ਵਿਸ਼ਵਾਸ ਵੇਖਿਆ ਜਾ ਰਿਹਾ ਹੈ, ਉਹ ਦੇਸ਼ ਦੀ ਤਾਕਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ‘‘ਭਾਰਤ ਅਥਾਹ ਸੰਭਾਵਨਾਵਾਂ ਦੀ ਧਰਤੀ ਹੈ। ਸੱਭ ਤੋਂ ਵੱਡੀ ਤਾਕਤ ਸਾਡੇ ਦੇਸ਼ ਵਾਸੀਆਂ ਦੀ ਭਾਗੀਦਾਰੀ ਹੈ ਜੋ ਵੱਖ-ਵੱਖ ਖੇਤਰਾਂ ’ਚ ਉੱਤਮ ਹਨ ਅਤੇ ਦੇਸ਼ ਦੇ ਵਿਕਾਸ ਲਈ ਉਨ੍ਹਾਂ ਦਾ ਉਤਸ਼ਾਹ ਹੈ।’’
ਪ੍ਰਧਾਨ ਮੰਤਰੀ ਨੇ ਤਕਨਾਲੋਜੀ ਦੀ ਵਰਤੋਂ ’ਤੇ ਧਿਆਨ ਕੇਂਦਰਿਤ ਕਰ ਕੇ 2047 ਤਕ ਭਾਰਤ ਨੂੰ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਟੀਚਾ ਰਖਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਉਤਪਾਦਾਂ ’ਤੇ ਨਿਰਭਰਤਾ ਘਟਾਉਣਾ ਅਤੇ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦੀਆਂ ਮਹੱਤਵਪੂਰਨ ਪ੍ਰਾਪਤੀਆਂ ’ਚੋਂ ਇਕ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਅੱਜ ਦੀ ਆਸ਼ਾਵਾਦੀ ਅਤੇ ਸਾਡੀਆਂ ਸਮਰੱਥਾਵਾਂ ’ਚ ਅਟੁੱਟ ਵਿਸ਼ਵਾਸ ਪੁਲਾੜ, ਵਿਗਿਆਨ, ਰੱਖਿਆ ਅਤੇ ਵਪਾਰ ਸਮੇਤ ਸਾਰੇ ਖੇਤਰਾਂ ’ਚ ਫੈਲਿਆ ਹੋਇਆ ਹੈ। ਜੇ.ਆਈ.ਟੀ.ਓ. ਵਰਗੀਆਂ ਸੰਸਥਾਵਾਂ ਨੇ ਪਿਛਲੇ ਦਹਾਕੇ ’ਚ ਇਨ੍ਹਾਂ ਪ੍ਰਾਪਤੀਆਂ ’ਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ ਅਤੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ’ਚ ਯੋਗਦਾਨ ਪਾਇਆ ਹੈ।’’
ਜੇ.ਆਈ.ਟੀ.ਓ. ਇਨਕਿਊਬੇਸ਼ਨ ਐਂਡ ਇਨੋਵੇਸ਼ਨ ਫੰਡ (ਜੇ.ਆਈ.ਆਈ.ਐਫ.) ਨੇ 6 ਅਤੇ 7 ਜੁਲਾਈ ਨੂੰ ਅਪਣਾ ਸਾਲਾਨਾ ‘ਇਨੋਵੇਸ਼ਨ ਕਾਨਕਲੇਵ’ ਕੀਤਾ। ਇਸ ਦਾ ਵਿਸ਼ਾ ‘ਪ੍ਰਭਾਵਸ਼ਾਲੀ ਸੋਚ: ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨਾ’ ਸੀ। ਜੇ.ਆਈ.ਆਈ.ਐਫ. ਨੇ 80 ਕੰਪਨੀਆਂ ’ਚ 200 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ ਅਤੇ 25 ਤੋਂ ਵੱਧ ਜੈਨ ਉੱਦਮੀਆਂ ਨੂੰ ਸਿਖਲਾਈ ਦਿਤੀ ਹੈ।