ਸੁਸ਼ਮਾ ਸਵਰਾਜ : ਟਵਿਟਰ 'ਤੇ 80 ਹਜ਼ਾਰ ਲੋਕਾਂ ਦੀ ਮਦਦ ਕੀਤੀ, 1.31 ਕਰੋੜ ਫ਼ਾਲੋਅਰਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਨੀਆਂ ਦੇ ਸੱਭ ਤੋਂ ਪ੍ਰਸਿੱਧ ਮਹਿਲਾ ਆਗੂਆਂ 'ਚ ਸ਼ਾਮਲ ਸੀ ਸੁਸ਼ਮਾ ਸਵਰਾਜ

Tributes pour in for Sushma Swaraj

ਨਵੀਂ ਦਿੱਲੀ : ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹੁਣ ਸਾਡੇ ਵਿਚਕਾਰ ਨਹੀਂ ਰਹੀ। ਉਨ੍ਹਾਂ ਦਾ ਦੇਹਾਂਤ ਮੰਗਲਵਾਰ ਦੇਰ ਰਾਤ ਦਿੱਲੀ ਦੇ ਏਮਜ਼ 'ਚ ਹੋਇਆ। ਉਨ੍ਹਾਂ ਨੇ ਸਿਆਸੀ ਸਫ਼ਰ 'ਚ ਕਈ ਮੁਕਾਮ ਹਾਸਲ ਕੀਤੇ ਸਨ। ਉਨ੍ਹਾਂ ਨੇ ਵਿਦੇਸ਼ ਮੰਤਰਾਲਾ ਦੇ ਕੰਮਕਾਜ 'ਚ ਮਨੁੱਖੀ ਸੰਵੇਦਨਾਵਾਂ ਨੂੰ ਪ੍ਰਮੁੱਖਤਾ ਦਿੱਤੀ। ਵਿਦੇਸ਼ਾਂ 'ਚ ਵਸੇ ਭਾਰਤੀ ਜੇ ਕਿਸੇ ਮੁਸ਼ਕਲ 'ਚ ਹੁੰਦੇ ਸੀ ਤਾਂ ਉਹ ਤੁਰੰਤ ਸੁਸ਼ਮਾ ਸਵਰਾਜ ਨੂੰ ਯਾਦ ਕਰਦੇ ਸਨ। ਜੂਨ 2017 'ਚ ਸੁਸ਼ਮਾ ਨੇ ਟਵੀਟ ਕੀਤਾ ਸੀ ਕਿ ਜੇ ਤੁਸੀ ਮੰਗਲ ਗ੍ਰਹਿ 'ਤੇ ਵੀ ਫਸ ਗਏ ਹੋ ਤਾਂ ਉਥੇ ਵੀ ਭਾਰਤੀ ਸਫ਼ਾਰਤਖਾਨਾ ਮਦਦ ਕਰੇਗਾ।

ਇਹੀ ਕਾਰਨ ਸੀ ਕਿ ਸੁਸ਼ਮਾ ਸਵਰਾਜ ਟਵਿਟਰ 'ਤੇ 1.31 ਕਰੋੜ ਫ਼ਾਲੋਅਰਜ਼ ਨਾਲ ਦੁਨੀਆਂ ਦੀ ਸੱਭ ਤੋਂ ਪ੍ਰਸਿੱਧ ਮਹਿਲਾ ਆਗੂ ਸੀ। ਇਸ ਮੰਚ ਨਾਲ ਉਨ੍ਹਾਂ ਨੇ ਦੇਸ਼-ਵਿਦੇਸ਼ 'ਚ 80 ਹਜ਼ਾਰ ਲੋਕਾਂ ਦੀ ਮਦਦ ਕੀਤੀ। ਪਾਸਪੋਰਟ ਬਣਵਾਉਣ 'ਚ ਵੀ ਮਦਦ ਕੀਤੀ। ਉਹ ਆਪਣੇ ਫ਼ੌਰਨ ਟਵੀਟ ਲਈ ਵੀ ਜਾਣੀ ਜਾਂਦੀ ਸੀ।

ਜਦੋਂ 15 ਦਿਨ 'ਚ ਕੰਨੜ ਭਾਸ਼ਾ ਸਿੱਖੀ :
1990 ਦੇ ਦਹਾਕੇ 'ਚ ਸੋਨੀਆ ਗਾਂਧੀ ਦੇ ਵਿਦੇਸ਼ੀ ਮੂਲ ਦਾ ਮੁੱਦਾ ਭਾਰਤੀ ਰਾਜਨੀਤੀ ਦਾ ਕੇਂਦਰ ਸੀ। ਉਸੇ ਦੌਰ 'ਚ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਸੋਨੀਆ ਗਾਂਧੀ ਨੇ ਕਰਨਾਟਕ ਦੇ ਬੇਲਾਰੀ ਤੋਂ ਲੋਕ ਸਭਾ ਚੋਣ ਲੜੀ। ਬੇਲਾਰੀ ਸੀਟ ਨੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਸੀ। ਸੋਨੀਆ ਗਾਂਧੀ ਦੀ ਚੋਣ ਮੁਹਿੰਮ ਲਈ ਬੇਲਾਰੀ ਨੂੰ ਉਨ੍ਹਾਂ ਦੀ ਸੱਭ ਤੋਂ ਸੁਰੱਖਿਅਤ ਸੀਟ ਮੰਨਿਆ ਗਿਆ ਸੀ। ਭਾਜਪਾ ਨੇ ਸੋਨੀਆ ਗਾਂਧੀ ਨੂੰ ਟੱਕਰ ਦੇਣ ਲਈ ਸੁਸ਼ਮਾ ਸਵਰਾਜ ਨੂੰ ਬੇਲਾਰੀ ਤੋਂ ਮੈਦਾਨ 'ਚ ਉਤਾਰਿਆ ਸੀ। ਹਾਲਾਂਕਿ ਕਰਨਾਟਕ 'ਚ ਉਸ ਸਮੇਂ ਭਾਜਪਾ ਦੀ ਸਥਿਤੀ ਕਾਫ਼ੀ ਕਮਜੋਰ ਸੀ, ਪਰ ਸੁਸ਼ਮਾ ਨੇ ਉਸ ਚੁਣੌਤੀ ਨੂੰ ਸਵੀਕਰ ਕਰਦਿਆਂ ਸਿਰਫ਼ 15 ਦਿਨ 'ਚ ਕੰਨੜ ਭਾਸ਼ਾ ਸਿੱਖ ਕੇ ਸੋਨੀਆ ਨੂੰ ਜ਼ਬਰਦਸਤ ਟੱਕਰ ਦਿੱਤੀ। ਉਨ੍ਹਾਂ ਨੂੰ ਚੋਣ ਪ੍ਰਚਾਰ ਲਈ ਸਿਰਫ਼ 2 ਹਫ਼ਤੇ ਦਾ ਸਮਾਂ ਮਿਲਿਆ ਪਰ ਆਮ ਲੋਕਾਂ ਦੀ ਆਵਾਜ਼ 'ਚ ਆਪਣੀ ਗੱਲ ਰੱਖ ਕੇ ਸੁਸ਼ਮਾ ਨੇ ਬੇਲਾਰੀ ਵਾਸੀਆਂ ਦਾ ਦਿਲ ਜਿੱਤ ਲਿਆ ਸੀ। ਹਾਲਾਂਕਿ ਚੋਣ ਨਤੀਜਾ ਭਾਵੇ ਸੋਨੀਆ ਗਾਂਧੀ ਦੇ ਪੱਖ 'ਚ ਰਿਹਾ, ਪਰ ਸੁਸ਼ਮਾ ਨੇ ਉਨ੍ਹਾਂ ਨੂੰ ਸਖ਼ਤ ਟੱਕਰ ਦਿੱਤੀ। ਸੁਸ਼ਮਾ ਸਵਾਰਜ ਨੂੰ 3,58,000 ਵੋਟਾਂ ਮਿਲਿਆਂ ਅਤੇ ਹਾਰ-ਜਿੱਤ ਦਾ ਅੰਤਰ ਸਿਰਫ਼ 7% ਰਿਹਾ ਸੀ।

ਸੁਸ਼ਮਾ ਸਵਰਾਜ ਦੀ ਜ਼ਿੰਦਗੀ ਦੀਆਂ ਅਹਿਮ ਗੱਲਾਂ :

  1. 1977 'ਚ 25 ਸਾਲ ਦੀ ਉਮਰ 'ਚ ਕੈਬਨਿਟ ਮੰਤਰੀ ਬਣਨ ਵਾਲੀ ਦੇਸ਼ ਦੀ ਸੱਭ ਤੋਂ ਘੱਟ ਉਮਰ ਦੀ ਮਹਿਲਾ ਸੀ।
  2. ਅਟਲ ਬਿਹਾਰੀ ਵਾਜਪਾਈ ਤੋਂ ਲੈ ਕੇ ਨਰਿੰਦਰ ਮੋਦੀ ਦੀ ਸਰਕਾਰ ਤਕ 7 ਵਾਰ ਸੰਸਦ ਮੈਂਬਰ ਬਣੀ।
  3. ਵਿਦੇਸ਼ ਮੰਤਰੀ ਬਣਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਸੀ।
  4. ਦਿੱਲੀ ਦੀ ਮੁੱਖ ਮੰਤਰੀ ਬਣਨ ਵਾਲੀ ਪਹਿਲੀ ਮਹਿਲਾ ਸੀ।
  5. ਭਾਜਪਾ ਦੀ ਪਹਿਲਾ ਮਹਿਲਾ ਮੰਤਰੀ। ਪਾਰਟੀ ਵੱਲੋਂ ਬਣਨ ਵਾਲੀ ਪਹਿਲੀ ਮਹਿਲਾ ਕੇਂਦਰੀ ਮੰਤਰੀ ਵੀ।
  6. ਸਾਲ 2009 'ਚ ਵਿਰੋਧੀ ਧਿਰ ਦੀ ਪਹਿਲੀ ਮਹਿਲਾ ਆਗੂ ਬਣੀ।
  7. ਅਮਰੀਕੀ ਮੈਗਜ਼ੀਨ 'ਦੀ ਵਾਲ ਸਟ੍ਰੀਟ ਜਨਰਲ' ਨੇ ਸਾਲ 2017 'ਚ ਉਨ੍ਹਾਂ ਨੂੰ ਭਾਰਤ ਦਾ ਸੱਭ ਤੋਂ ਵਧੀਆ ਸਿਆਸਤਦਾਨ ਕਰਾਰ ਦਿੱਤਾ ਸੀ।

ਸੁਸ਼ਮਾ ਸਵਰਾਜ ਬਾਰੇ :
ਸੁਸ਼ਮਾ ਸਵਰਾਜ ਦਾ ਜਨਮ 14 ਫ਼ਰਵਰੀ 1952 ਨੂੰ ਹਰਿਆਣਾ ਦੇ ਅੰਬਾਲਾ ਕੈਂਟ 'ਚ ਹੋਇਆ ਸੀ। ਉਨ੍ਹਾਂ ਨੇ ਐਸ.ਡੀ. ਕਾਲਜ ਅੰਬਾਲ ਛਾਉਣੀ ਤੋਂ ਬੀ.ਏ. ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਜੈਪ੍ਰਕਾਸ਼ ਨਾਰਾਇਣ ਦੇ ਅੰਦੋਲਨ 'ਚ ਵੱਧ-ਚੜ੍ਹ ਕੇ ਹਿੱਸਾ ਲਿਆ। ਐਮਰਜੈਂਸੀ ਦਾ ਵਿਰੋਧ ਕਰਨ ਤੋਂ ਬਾਅਦ ਉਹ ਸਰਗਰਮ ਸਿਆਸਤ ਨਾਲ ਜੁੜ ਗਈ। ਸਾਲ 2014 'ਚ ਉਨ੍ਹਾਂ ਨੂੰ ਭਾਰਤ ਦੀ ਪਹਿਲੀ ਮਹਿਲਾ ਵਿਦੇਸ਼ ਮੰਤਰੀ ਹੋਣ ਦਾ ਮਾਣ ਹਾਸਲ ਹੋਇਆ ਹੈ, ਜਦਕਿ ਇਸ ਤੋਂ ਪਹਿਲਾਂ ਇੰਦਰਾ ਗਾਂਧੀ ਦੋ ਵਾਰ ਕਾਰਜਕਾਰੀ ਵਿਦੇਸ਼ ਮੰਤਰੀ ਰਹਿ ਚੁੱਕੀ ਹਨ। ਕੈਬਨਿਟ 'ਚ ਉਨ੍ਹਾਂ ਨੂੰ ਸ਼ਾਮਲ ਕਰ ਕੇ ਉਨ੍ਹਾਂ ਦੇ ਅਹੁਦੇ ਤੇ ਕਾਬਲੀਅਤ ਨੂੰ ਸਵੀਕਾਰ ਕੀਤਾ। ਉਹ ਦਿੱਲੀ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਤੇ ਦੇਸ਼ 'ਚ ਕਿਸੇ ਸਿਆਸੀ ਦਲ ਦੀ ਪਹਿਲੀ ਮਹਿਲਾ ਬੁਲਾਰਾ ਬਣਨ ਦੀ ਉਪਲਬੱਧੀ ਵੀ ਉਨ੍ਹਾਂ ਦੇ ਨਾਂ ਦਰਜ ਹੈ। ਉਹ ਸਾਲ 2009 ਦੇ ਲੋਕ ਸਭਾ ਚੋਣਾਂ ਲਈ ਭਾਜਪਾ ਦੇ 19 ਮੈਂਬਰੀ ਚੋਣ ਪ੍ਰਚਾਰ ਕਮੇਟੀ ਦੀ ਪ੍ਰਧਾਨ ਵੀ ਰਹੀ ਸੀ।