ਸਰਕਾਰੀ ਸਕੂਲਾਂ ਨੂੰ ਆਧੁਨਿਕ ਬਣਾਉਣ ਲਈ ਸੂਬਿਆਂ ਨਾਲ ਮਿਲ ਕੇ ਯੋਜਨਾ ਬਣਾਉਣ ਪ੍ਰਧਾਨ ਮੰਤਰੀ – ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਪੀਐਮ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੇ ਪੰਜ ਸਾਲਾਂ 'ਚ 10 ਲੱਖ ਸਰਕਾਰੀ ਸਕੂਲਾਂ ਨੂੰ ਆਧੁਨਿਕ ਬਣਾਉਣ ਲਈ ਸਾਰੇ ਸੂਬਿਆਂ ਨਾਲ ਮਿਲ ਕੇ ਯੋਜਨਾ ਬਣਾਉਣ ਦੀ ਅਪੀਲ ਕੀਤੀ ਹੈ। ਦਰਅਸਲ ਪੀਐਮ ਮੋਦੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ-ਸ਼੍ਰੀ ਯੋਜਨਾ ਦੇ ਤਹਿਤ ਦੇਸ਼ ਭਰ ਦੇ 14,500 ਸਕੂਲਾਂ ਨੂੰ ਵਿਕਸਤ ਅਤੇ ਅਪਗ੍ਰੇਡ ਕਰਨ ਦਾ ਐਲਾਨ ਕੀਤਾ ਸੀ। ਸਕੀਮ ਤਹਿਤ ਇਹਨਾਂ ਸਕੂਲਾਂ ਨੂੰ ਆਧੁਨਿਕ ਬੁਨਿਆਦੀ ਢਾਂਚੇ ਸਮੇਤ ਲੈਬਾਰਟਰੀਆਂ, ਸਮਾਰਟ ਕਲਾਸਰੂਮ, ਲਾਇਬ੍ਰੇਰੀਆਂ ਅਤੇ ਖੇਡਾਂ ਦੀਆਂ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ।
ਕੇਜਰੀਵਾਲ ਨੇ ਇਕ ਪ੍ਰੈਸ ਕਾਨਫਰੰਸ ਵਿਚ ਐਲਾਨ ਕੀਤਾ, "ਇਹ ਬਹੁਤ ਵਧੀਆ ਗੱਲ ਹੈ ਪਰ ਸਿਰਫ 14,500 ਸਕੂਲਾਂ ਦਾ ਆਧੁਨਿਕੀਕਰਨ ਸਮੁੰਦਰ ਵਿਚ ਪਾਣੀ ਦੀ ਇਕ ਬੂੰਦ ਵਾਂਗ ਹੈ। ਇਸ ਮੁਤਾਬਕ ਦੇਸ਼ ਦੇ ਸਾਰੇ 10.5 ਲੱਖ ਸਕੂਲਾਂ ਨੂੰ ਸੁਧਾਰਨ ਲਈ 70-80 ਸਾਲ ਲੱਗਣਗੇ”। ਉਹਨਾਂ ਕਿਹਾ, ''ਮੈਂ ਪ੍ਰਧਾਨ ਮੰਤਰੀ ਨੂੰ ਦੇਸ਼ ਭਰ ਦੇ 10.5 ਲੱਖ ਸਕੂਲਾਂ ਦਾ ਆਧੁਨਿਕੀਕਰਨ ਕਰਨ ਦੀ ਅਪੀਲ ਕਰਦਾ ਹਾਂ। ਭਾਰਤ ਉਦੋਂ ਤੱਕ ਦੁਨੀਆ ਦਾ ਨੰਬਰ ਇਕ ਦੇਸ਼ ਨਹੀਂ ਬਣ ਸਕਦਾ ਜਦੋਂ ਤੱਕ ਇਹ ਹਰ ਬੱਚੇ ਲਈ ਚੰਗੀ ਗੁਣਵੱਤਾ, ਮੁਫਤ ਸਿੱਖਿਆ ਯਕੀਨੀ ਨਹੀਂ ਬਣਾਉਂਦਾ”।
ਕੇਜਰੀਵਾਲ ਨੇ ਕਿਹਾ, ''ਮੈਂ ਅਕਸਰ ਕਹਿੰਦਾ ਹਾਂ ਕਿ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਾਉਣ ਲਈ ਬਹੁਤ ਸਾਰੀਆਂ ਚੀਜ਼ਾਂ ਕਰਨ ਦੀ ਲੋੜ ਹੈ। ਜਦੋਂ ਤੱਕ ਦੇਸ਼ ਦੇ ਹਰ ਬੱਚੇ ਲਈ ਉੱਚ ਦਰਜੇ ਦੀ ਮੁਫਤ ਸਿੱਖਿਆ ਯਕੀਨੀ ਨਹੀਂ ਹੁੰਦੀ, ਉਦੋਂ ਤੱਕ ਭਾਰਤ ਤਰੱਕੀ ਨਹੀਂ ਕਰ ਸਕਦਾ”। ਕੇਜਰੀਵਾਲ ਨੇ ਕਿਹਾ, ''ਭਾਰਤ ਦੀ ਆਜ਼ਾਦੀ ਤੋਂ ਬਾਅਦ ਵੱਡੀ ਗਲਤੀ ਹੋਈ ਹੈ। ਸਾਨੂੰ ਦੇਸ਼ ਦੇ ਹਰ ਪਿੰਡ ਅਤੇ ਕੋਨੇ ਵਿਚ ਚੰਗੀ ਸਿੱਖਿਆ ਪ੍ਰਣਾਲੀ ਅਤੇ ਸਕੂਲ ਯਕੀਨੀ ਬਣਾਉਣੇ ਚਾਹੀਦੇ ਸਨ। ਜੇਕਰ ਹਰ ਕੋਈ ਪੜ੍ਹਿਆ ਲਿਖਿਆ ਹੁੰਦਾ ਤਾਂ ਭਾਰਤ ਗਰੀਬ ਦੇਸ਼ ਨਾ ਹੁੰਦਾ”।