ਗੁਜਰਾਤ: ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਵਿਚ ਇਕ ਪੁਲ ਦੇ ਢਹਿਣ ਨਾਲ ਰਾਸਤੇ ਵਿਚੋਂ ਲੰਘ ਰਹੀਆਂ ਕਾਰਾਂ ਨਦੀ ਵਿਚ ਡਿੱਗਣ ਤੋਂ ਵਾਲ-ਵਾਲ ਬਚ ਗਈਆਂ। ਜੂਨਾਗੜ੍ਹ ਜ਼ਿਲ੍ਹੇ ਦੇ ਪਿੰਡ ਮਲਾਂਕਾ ਵਿਚ ਸਾਸ਼ਨ ਰੋਡ ’ਤੇ ਬਣਿਆ ਇਹ ਪੁਲ ਅਚਾਨਕ ਢਹਿ ਢੇਰੀ ਹੋ ਗਿਆ। ਇਸ ਦੌਰਾਨ ਪੁਲ ’ਤੇ ਜਾ ਰਹੀਆਂ ਕਈ ਕਾਰਾਂ ਬੁਰੀ ਤਰ੍ਹਾਂ ਫਸ ਗਈਆਂ।
ਗ਼ਨੀਮਤ ਇਹ ਰਹੀ ਕਿ ਪੁਲ ਡਿੱਗਣ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਵਿਚ ਸਵਾਰ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜੂਨਾਗੜ੍ਹ ਦੇ ਮਲਾਂਕਾ ਵਿਚ ਇਹ ਪੁਲ ਇਕ ਨਦੀ ’ਤੇ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਪਾਣੀ ਦੇ ਵਹਾਅ ਕਾਰਨ ਪੁਲ ਦੇ ਹੇਠਾਂ ਦੀ ਜ਼ਮੀਨ ਖਿਸਕ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ।
ਨਦੀ ’ਤੇ ਬਣਿਆ ਇਹ ਪੁਲ ਜੂਨਾਗੜ੍ਹ ਨੂੰ ਦੂਜੇ ਸ਼ਹਿਰ ਮੁੰਦਰਾ ਨਾਲ ਜੋੜਦਾ ਹੈ ਪਰ ਹੁਣ ਇਸ ਪੁਲ ਦੇ ਡਿੱਗਣ ਨਾਲ ਸੜਕੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਹੈ ਅਤੇ ਲੋਕਾਂ ਨੂੰ ਇਸ ਰੋਡ ਨੂੰ ਛੱਡ ਕੇ ਅਮਰਪੁਰ ਦੇਵਲੀਆ ਸਾਸਨ ਰੋਡ ਰਾਹੀਂ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਇਕ ਜਾਣਕਾਰੀ ਅਨੁਸਾਰ ਇਹ ਪੁਲ ਕੁੱਝ ਸਾਲ ਪਹਿਲਾਂ ਹੀ ਬਣਾਇਆ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ’ਤੇ ਵੱਡੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਜੂਨ ਮਹੀਨੇ ਗੁਜਰਾਤ ਦੇ ਵਾਲਸਾਡ ਵਿਚ ਵੀ ਬੰਜਾਰ ਨਦੀ ’ਤੇ ਬਣ ਰਿਹਾ ਨਿਰਮਾਣ ਅਧੀਨ ਪੁਲ ਟੁੱਟ ਗਿਆ ਸੀ, ਜਦੋਂ ਗੁਜਰਾਤ ਵਿਚ ਬਾਰਿਸ਼ ਕਾਰਨ ਪਾਣੀ ਨੇ ਭਾਰੀ ਤਬਾਹੀ ਮਚਾਈ ਸੀ। ਉਸ ਸਮੇਂ ਵੀ ਪ੍ਰਸ਼ਾਸਨ ਅਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਹੋਏ ਸਨ ਪਰ ਹੁਣ ਜਦੋਂ ਗੁਜਰਾਤ ਵਿਚ ਫਿਰ ਤੋਂ ਪੁਲ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ ਤਾਂ ਇਸ ਨਾਲ ਸਥਾਨਕ ਪ੍ਰਸ਼ਾਸਨ ਦੀ ਪੋਲ ਖੁੱਲ੍ਹਣੀ ਸ਼ੁਰੂ ਹੋ ਗਈ ਹੈ। ਲੋਕਾਂ ਵਿਚ ਇਸ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।