ਉੱਤਰਾਖੰਡ ’ਚ ਉੱਚੇ ਪਹਾੜਾਂ ’ਤੇ ਦਿਸੇ ਮੋਰ, ਜਾਣੋ ਕਿਉਂ ਪ੍ਰੇਸ਼ਾਨ ਨੇ ਮਾਹਰ
ਮਾਹਰਾਂ ਦਾ ਮੰਨਣਾ ਹੈ ਕਿ 6500 ਫੁੱਟ ਦੀ ਉਚਾਈ ’ਤੇ ਮੋਰਾਂ ਦਾ ਨਜ਼ਰ ਆਉਣਾ ਅਸਧਾਰਨ ਹੈ
ਦੇਹਰਾਦੂਨ/ਪਿਥੌਰਾਗੜ੍ਹ: ਬਾਗੇਸ਼ਵਰ ਜ਼ਿਲ੍ਹੇ ਦੇ ਜੰਗਲਾਂ ’ਚ ਇਸ ਸਾਲ 6,500 ਫੁੱਟ ਦੀ ਉਚਾਈ ’ਤੇ ਦੋ ਵਾਰ ਮੋਰ ਵਰਗਾ ਪੰਛੀ ਵੇਖਿਆ ਗਿਆ ਹੈ, ਜਿਸ ਬਾਰੇ ਜੰਗਲੀ ਜੀਵ ਮਾਹਰਾਂ ਦਾ ਮੰਨਣਾ ਹੈ ਕਿ ਮਨੁੱਖੀ ਗਤੀਵਿਧੀਆਂ ਵਧਣ ਕਾਰਨ ਹਿਮਾਲਿਆ ਖੇਤਰ ’ਚ ਵਾਤਾਵਰਣ ’ਚ ਬਦਲਾਅ ਨਾਲ ਜੁੜਿਆ ਇਕ ਅਸਾਧਾਰਣ ਵਰਤਾਰਾ ਹੈ।
ਬਾਗੇਸ਼ਵਰ ਜੰਗਲਾਤ ਵਿਭਾਗ ਦੇ ਜੰਗਲਾਤ ਅਧਿਕਾਰੀ ਧਿਆਨ ਸਿੰਘ ਕਰੈਤ ਨੇ ਸੋਮਵਾਰ ਨੂੰ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਮੋਰ, ਜੋ ਆਮ ਤੌਰ ’ਤੇ 1600 ਫੁੱਟ ਦੀ ਉਚਾਈ ’ਤੇ ਪਾਇਆ ਜਾਂਦਾ ਹੈ, ਨੂੰ 6500 ਫੁੱਟ ਦੀ ਉਚਾਈ ’ਤੇ ਵੇਖਿਆ ਗਿਆ ਹੈ। ਇਹ ਵਾਤਾਵਰਣਕ ਤਬਦੀਲੀਆਂ ਦੇ ਕਾਰਨ ਹੈ ਜਿਨ੍ਹਾਂ ਨੇ ਜੰਗਲੀ ਜੀਵਾਂ ਦੀ ਆਵਾਜਾਈ ਨੂੰ ਪ੍ਰਭਾਵਤ ਕੀਤਾ ਹੈ।
ਕਾਰਾਯਤ ਨੇ ਦਸਿਆ ਕਿ ਮੋਰ ਪਹਿਲੀ ਵਾਰ ਇਸ ਸਾਲ ਅਪ੍ਰੈਲ ’ਚ ਕਾਫਲੀਗਰ ਜੰਗਲ ਰੇਂਜ ’ਚ ਅਤੇ ਉਸ ਤੋਂ ਬਾਅਦ 5 ਅਕਤੂਬਰ ਨੂੰ ਕਥਾਯਤਬਾਰਾ ਦੇ ਜੰਗਲਾਂ ’ਚ ਨਜ਼ਰ ਆਇਆ ਸੀ। ਦੇਹਰਾਦੂਨ ਦੇ ਵਾਈਲਡਲਾਈਫ ਇੰਸਟੀਚਿਊਟ ਆਫ ਇੰਡੀਆ (WII) ਦੇ ਸੀਨੀਅਰ ਵਿਗਿਆਨੀ ਡਾ. ਸੁਰੇਸ਼ ਕੁਮਾਰ ਨੇ ਕਿਹਾ ਕਿ ਅਜਿਹੇ ਦ੍ਰਿਸ਼ ਆਮ ਨਹੀਂ ਹਨ ਪਰ ਜੰਗਲੀ ਜੀਵ ਮਾਹਰਾਂ ਨੂੰ ਬਹੁਤ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੋਰ ਪੰਛੀਆਂ ਦੀਆਂ ਜਨਰਲਿਸਟ ਪ੍ਰਜਾਤੀਆਂ ਦੇ ਅਧੀਨ ਆਉਂਦਾ ਹੈ ਜੋ ਅਪਣੇ ਨਿਵਾਸ ਸਥਾਨ ਬਾਰੇ ਬਹੁਤ ਚੋਣਵੇਂ ਨਹੀਂ ਹਨ। ਕੁਮਾਰ ਨੇ ਕਿਹਾ ਕਿ ਰਵਾਇਤੀ ਤੌਰ ’ਤੇ ਸਮਟ ਜ਼ਮੀਨ ’ਤੇ ਪਾਏ ਜਾਣ ਵਾਲੇ ਮੋਰ ਗੁਆਂਢੀ ਹਿਮਾਚਲ ਪ੍ਰਦੇਸ਼ ’ਚ ਆਮ ਨਾਲੋਂ ਜ਼ਿਆਦਾ ਉਚਾਈ ’ਤੇ ਪਾਏ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਪਹਾੜੀ ਇਲਾਕੇ ਹੁਣ ਪਹਿਲਾਂ ਵਾਂਗ ਠੰਡੇ ਨਹੀਂ ਰਹੇ ਅਤੇ ਮੋਰਾਂ ਨੂੰ ਉੱਚ ਜਲਵਾਯੂ ਅਪਣੇ ਨਿਵਾਸ ਸਥਾਨ ਲਈ ਢੁਕਵਾਂ ਲੱਗ ਰਿਹਾ ਹੈ।
ਕੁਮਾਰ ਨੇ ਕਿਹਾ, ‘‘ਪਹਾੜੀ ਉਚਾਈ ’ਤੇ ਖੇਤੀ ਕਰਨ, ਮਨੁੱਖੀ ਆਬਾਦੀ ਫੈਲਣ ਵਰਗੀਆਂ ਵਧਦੀਆਂ ਮਨੁੱਖੀ ਗਤੀਵਿਧੀਆਂ ਕਾਰਨ ਉੱਥੇ ਜਲਵਾਯੂ ਗਰਮ ਹੋ ਗਿਆ ਹੈ, ਜਿਸ ਕਾਰਨ ਹੋ ਸਕਦਾ ਹੈ ਕਿ ਉੱਥੇ ਮੋਰਾਂ ਦਾ ਪ੍ਰਵਾਸ ਹੋਇਆ ਹੋਵੇ। ਪਰ ਇਹ ਇਕ ਮੌਸਮੀ ਤਬਦੀਲੀ ਵੀ ਹੋ ਸਕਦੀ ਹੈ।’’ ਉਨ੍ਹਾਂ ਕਿਹਾ ਕਿ ਸਰਦੀਆਂ ’ਚ ਪਹਾੜਾਂ ’ਚ ਠੰਡ ਵਧੇਗੀ, ਜਿਸ ਕਾਰਨ ਸਮਟ ਜ਼ਮੀਨ ’ਤੇ ਰਹਿਣ ਵਾਲੇ ਪੰਛੀ ਅਪਣੇ ਮੂਲ ਰਿਹਾਇਸ਼ੀ ਹਾਲਾਤ ’ਚ ਵਾਪਸ ਆ ਸਕਦੇ ਹਨ।
ਇਹ ਪੁੱਛੇ ਜਾਣ ’ਤੇ ਕਿ ਕੀ ਇਹ ਆਮ ਤੌਰ ’ਤੇ ਮੋਰਾਂ ਦੇ ਨਿਵਾਸ ਸਥਾਨ ’ਚ ਤਬਦੀਲੀ ਦੇ ਰੁਝਾਨ ਨੂੰ ਦਰਸਾਉਂਦਾ ਹੈ, ਕੁਮਾਰ ਨੇ ਕਿਹਾ ਕਿ ਸਿਰਫ ਦੋ ਵਾਰ ਵੇਖੇ ਜਾਣ ਦੇ ਅਧਾਰ ’ਤੇ ਅਜਿਹੇ ਸਿੱਟੇ ਕੱਢਣਾ ਜਲਦਬਾਜ਼ੀ ਹੋਵੇਗੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਜੇ ਇਸ ਕਿਸਮ ਦੀ ਦ੍ਰਿਸ਼ਟੀ ਵਧੇਰੇ ਅਕਸਰ ਹੁੰਦੀ ਹੈ, ਤਾਂ ਇਹ ਨਿਸ਼ਚਤ ਤੌਰ ’ਤੇ ਮੋਰਾਂ ’ਚ ਰਿਹਾਇਸ਼ ਤਬਦੀਲੀ ਦਾ ਇਕ ਆਮ ਰੁਝਾਨ ਵਿਖਾਏਗਾ।