ਪੰਜਾਬ 'ਚ ਹਾਲੇ ਨਹੀਂ ਚੱਲਣਗੀਆਂ ਮਾਲ ਗੱਡੀਆਂ, ਰੇਲਵੇ ਨੇ ਸਿਰਫ਼ ਮਾਲਗੱਡੀਆਂ ਚਲਾਉਣ ਤੋਂ ਕੀਤਾ ਇਨਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਰੇਲ ਮੰਤਰੀ ਵੱਲੋਂ ਬਿਆਨ ਜਾਰੀ

Trains

ਨਵੀਂ ਦਿੱਲੀ: ਮਾਲ ਗੱਡੀਆਂ ਚੱਲਣ ਲਈ ਫਿਲਹਾਲ ਪੰਜਾਬੀਆਂ ਨੂੰ ਹੋਰ ਇੰਤਰਾਜ਼ ਕਰਨਾ ਪਵੇਗਾ ਕਿਉਂਕਿ ਰੇਲਵੇ ਨੇ ਸਿਰਫ਼ ਮਾਲਗੱਡੀਆਂ ਚਲਾਉਣ ਤੋਂ ਇਨਕਾਰ ਕੀਤਾ ਹੈ। ਕੇਂਦਰੀ ਰੇਲ ਮੰਤਰੀ ਪੀਊਸ਼ ਗੋਇਲ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਸਰਕਾਰ ਮਾਲਗੱਡੀਆਂ ਤੋਂ ਇਲਾਵਾ ਸਾਰੀਆਂ ਟਰੇਨਾਂ ਦੀ ਸੁਰੱਖਿਆ ਲਈ ਭਰੋਸਾ ਦੇਵੇ। 

ਰੇਲ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਰੇਲਵੇ ਸਿਸਟਮ ਸੁਰੱਖਿਆ ਨੂੰ ਯਕੀਨੀ ਬਣਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਆਉਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਦੀ ਸੁਰੱਖਿਆ ਲਈ ਭਰੋਸਾ ਦੇਵੇ, ਤਾਂ ਜੋ ਮਾਲ ਗੱਡੀਆਂ ਅਤੇ ਯਾਤਰੀ ਟਰੇਨਾਂ ਪੰਜਾਬ ਵਿਚ ਫਿਰ ਤੋ ਚੱਲ ਸਕਣ। 

ਉਹਨਾਂ ਅੱਗੇ ਕਿਹਾ ਕਿ ਕਾਰਜਸ਼ੀਲ ਤੌਰ 'ਤੇ ਮਹੱਤਵਪੂਰਨ ਹੈ ਕਿ ਯਾਤਰੀਆਂ, ਰੇਲਵੇ ਸਟਾਫ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਸਾਰੇ ਟਰੈਕ, ਸਟੇਸ਼ਨ ਅਤੇ ਰੇਲਵੇ ਜਾਇਦਾਦ ਖਾਲੀ ਹੋਵੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਛੱਠ ਪੂਜਾ, ਦੀਵਾਲੀ ਅਤੇ ਗੁਰਪੁਰਬ ਵਰਗੇ ਤਿਉਹਾਰਾਂ ਲਈ ਯਾਤਰਾ ਕਰਨਾ ਚਾਹੁੰਦੇ ਹਨ।

ਦੱਸ ਦਈਏ ਕਿ ਪੰਜਾਬ ਵਿਚ ਮਾਲ-ਗੱਡੀਆਂ ਚਲਾਉਣ ਨੂੰ ਲੈ ਕੇ ਰੇਲ ਮੰਤਰਾਲੇ ਨੇ ਰੇਲਵੇ ਟਰੈਕ ਖਾਲੀ ਕਰਨ ਲਈ ਕਿਹਾ ਸੀ, ਜਿਸ ਦੇ ਚਲਦਿਆਂ ਕਿਸਾਨਾਂ ਨੇ ਮਾਲ-ਗੱਡੀਆਂ ਲਈ ਟਰੈਕ ਖਾਲੀ ਕਰ ਦਿੱਤੇ। ਇਸ ਤੋਂ ਬਾਅਦ ਹੁਣ ਰੇਲਵੇ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਮਾਲ-ਗੱਡੀਆਂ ਦੇ ਨਾਲ-ਨਾਲ ਪੰਜਾਬ ਆਉਣ ਵਾਲੀਆਂ ਯਾਤਰੀ ਟਰੇਨਾਂ ਲਈ ਵੀ ਪੂਰਾ ਭਰੋਸਾ ਦੇਵੇ।