ਸਮੀਰ ਵਾਨਖੇੜੇ ਦੇ ਪਿਤਾ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ, ਨਵਾਬ ਮਲਿਕ ਨੇ ਕੀਤਾ ਮਾਣਹਾਨੀ ਦਾ ਕੇਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਧਿਆਨਦੇਵ ਨੇ ਨਵਾਬ ਮਲਿਕ 'ਤੇ 1.25 ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਕੀਤਾ ਹੈ

Nawab Malik

ਮੁੰਬਈ : ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਨਵਾਬ ਮਲਿਕ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਦਰਅਸਲ ਸਮੀਰ ਵਾਨਖੇੜੇ ਦੇ ਪਿਤਾ ਧਿਆਨਦੇਵ ਵਾਨਖੇੜੇ ਨੇ ਨਵਾਬ ਮਲਿਕ ਖ਼ਿਲਾਫ਼ ਬੰਬੇ ਹਾਈਕੋਰਟ ਪਹੁੰਚ ਕੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਮੀਰ ਵਾਨਖੇੜੇ ਮੁੰਬਈ NCB ਦੇ ਜ਼ੋਨਲ ਡਾਇਰੈਕਟਰ ਹਨ ਜੋ ਆਰੀਅਨ ਖਾਨ, ਨਵਾਬ ਮਲਿਕ ਦੇ ਜਵਾਈ ਸਮੀਰ ਖਾਨ ਸਮੇਤ ਬਾਲੀਵੁੱਡ ਨਾਲ ਜੁੜੇ ਸਾਰੇ ਮਾਮਲਿਆਂ ਵਿਚ ਜਾਂਚ ਅਧਿਕਾਰੀ ਸਨ। ਹਾਲਾਂਕਿ ਪਿਛਲੇ ਦਿਨੀਂ ਉਨ੍ਹਾਂ ਤੋਂ ਆਰੀਅਨ ਖਾਨ ਸਮੇਤ 6 ਕੇਸ ਵਾਪਸ ਲੈਣ ਦਾ ਫ਼ੈਸਲਾ ਲਿਆ ਗਿਆ ਸੀ।

ਸਮੀਰ ਵਾਨਖੇੜੇ ਦੇ ਪਿਤਾ ਧਿਆਨਦੇਵ ਵਲੋਂ ਦਾਇਰ ਮਾਣਹਾਨੀ ਦੇ ਕੇਸ ਵਿਚ ਕਿਹਾ ਗਿਆ ਹੈ ਕਿ ਮਲਿਕ ਨੇ ਪੱਖਪਾਤ ਕਰਕੇ ਮੁਦਈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਂ, ਚਰਿੱਤਰ, ਵੱਕਾਰ ਅਤੇ ਸਮਾਜਿਕ ਅਕਸ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ ਹੈ। ਧਿਆਨਦੇਵ ਨੇ ਨਵਾਬ ਮਲਿਕ 'ਤੇ 1.25 ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਕੀਤਾ ਹੈ, ਜਿਸ ਦੀ ਸੁਣਵਾਈ ਸੋਮਵਾਰ ਨੂੰ ਹੋਣੀ ਹੈ।

ਮਹਾਰਾਸ਼ਟਰ ਦੇ ਸੀਨੀਅਰ ਮੰਤਰੀ ਨਵਾਬ ਮਲਿਕ ਸਮੀਰ ਵਾਨਖੇੜੇ 'ਤੇ ਅਕਸਰ ਹਮਲਾਵਰ ਹਨ। ਛੇ ਮੁਕੱਦਮੇ ਵਾਪਸ ਲੈਣ ਤੋਂ ਬਾਅਦ ਮਲਿਕ ਨੇ ਆਪਣੀ ਟਵਿੱਟਰ ਵਾਲ 'ਤੇ ਲਿਖਿਆ ਕਿ ਮੈਂ ਸਮੀਰ ਦਾਊਦ ਵਾਨਖੇੜੇ ਖ਼ਿਲਾਫ਼ ਆਰੀਅਨ ਖਾਨ ਨੂੰ ਅਗਵਾ ਕਰਨ ਅਤੇ ਫ਼ਿਰੌਤੀ ਮੰਗਣ ਦੇ ਮਾਮਲੇ 'ਚ SIT ਜਾਂਚ ਦੀ ਮੰਗ ਕੀਤੀ ਸੀ। ਹੁਣ ਦੋ ਐਸਆਈਟੀ (ਰਾਜ ਅਤੇ ਕੇਂਦਰ) ਬਣਾਉਣ ਦਾ ਕੰਮ ਕੀਤਾ ਗਿਆ ਹੈ। ਦੇਖਦੇ ਹਾਂ ਕਿ ਕੌਣ ਮਾਮਲੇ ਦੀ ਤਹਿ ਤੱਕ ਪਹੁੰਚਦਾ ਹੈ ਅਤੇ ਵਾਨਖੇੜੇ ਦੀ ਨਿੱਜੀ ਫ਼ੌਜ ਦਾ ਪਰਦਾਫ਼ਾਸ਼ ਕਰਨ ਵਿਚ ਕਾਮਯਾਬ ਹੁੰਦਾ ਹੈ।

ਦੱਸਣਯੋਗ ਹੈ ਕਿ ਇੱਥੇ NCB ਦੀ ਵਿਸ਼ੇਸ਼ ਜਾਂਚ ਟੀਮ (SIT) ਸ਼ਨੀਵਾਰ ਨੂੰ ਮੁੰਬਈ ਪਹੁੰਚੀ। ਸ਼ੁੱਕਰਵਾਰ ਨੂੰ, NCB ਨੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨਾਲ ਜੁੜੇ ਵਿਵਾਦਤ ਕਰੂਜ਼ ਡਰੱਗਜ਼ ਕੇਸ ਸਮੇਤ ਛੇ ਮਾਮਲਿਆਂ ਦੀ ਜਾਂਚ ਐਸਆਈਟੀ ਨੂੰ ਸੌਂਪ ਦਿਤੀ ਗਈ ਸੀ। ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਦੇ ਦੋਸ਼ਾਂ ਤੋਂ ਐਨਸੀਬੀ ਅਧਿਕਾਰੀ ਸਮੀਰ ਵਾਨਖੇੜੇ ਦਾ ਪਰਿਵਾਰ ਦੁਖੀ ਹੈ।

ਸਮੀਰ ਵਾਨਖੇੜੇ ਦੀ ਪਤਨੀ ਕ੍ਰਾਂਤੀ ਰਾਡਕਰ ਵਾਨਖੇੜੇ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਸਮੀਰ ਵਾਨਖੇੜੇ ਇੱਕ ਇਮਾਨਦਾਰ ਅਧਿਕਾਰੀ ਹਨ, ਇਸ ਲਈ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਕੰਮ ਕਰਨ ਦੀ ਸ਼ੈਲੀ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰੇਗੀ। ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਉਹ ਕੁਰਸੀ ਤੋਂ ਬਾਹਰ ਹੋ ਜਾਵੇ ਅਤੇ ਉਸ ਦੀਆਂ ਮੁਸੀਬਤਾਂ ਖ਼ਤਮ ਹੋ ਜਾਣ। ਉਨ੍ਹਾਂ ਕਿਹਾ ਕਿ ਸਾਨੂੰ ਜਾਨ ਦਾ ਖ਼ਤਰਾ ਹੋਣ ਕਾਰਨ ਸੁਰੱਖਿਆ ਦਿਤੀ ਗਈ ਹੈ। ਸਾਨੂੰ, ਸਾਡੇ ਬੱਚਿਆਂ ਅਤੇ ਮੇਰੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਹੈ। ਜੇ ਕੋਈ ਸਾਡੇ ਵੱਲ ਦੇਖਦਾ ਹੈ ਤਾਂ ਲੱਗਦਾ ਹੈ ਕਿ ਉਹ ਕਿਉਂ ਦੇਖ ਰਿਹਾ ਹੈ। ਅਸੀਂ ਸਾਰੇ ਸੰਦੇਸ਼ ਸੁਰੱਖਿਅਤ ਰੱਖੇ ਹਨ ਅਤੇ ਸਮਾਂ ਆਉਣ 'ਤੇ ਉਨ੍ਹਾਂ ਨੂੰ ਸਾਹਮਣੇ ਰੱਖਾਂਗੇ।

 NCB ਅਧਿਕਾਰੀ ਸਮੀਰ ਵਾਨਖੇੜੇ ਦੀ ਭੈਣ ਯਾਸਮੀਨ ਨੇ ਪਿਛਲੇ ਦਿਨੀਂ ਨਵਾਬ ਮਲਿਕ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਹ ਨੌਕਰਸ਼ਾਹ ਦਾ ਜਨਮ ਸਰਟੀਫਿਕੇਟ ਕੌਣ ਲੱਭ ਰਿਹਾ ਹੈ? ਸਾਨੂੰ ਜਾਨ ਦਾ ਖ਼ਤਰਾ ਹੈ। ਸਾਨੂੰ ਧਮਕੀ ਭਰੇ ਫੋਨ ਆ ਰਹੇ ਹਨ। ਮੈਨੂੰ ਲੱਗਦਾ ਹੈ ਕਿ ਮੈਨੂੰ ਵੀ ਰੋਜ਼ ਝੂਠੇ ਸਬੂਤ ਪੇਸ਼ ਕਰਨੇ ਚਾਹੀਦੇ ਹਨ।