ਸਮੀਰ ਵਾਨਖੇੜੇ 'ਤੇ ਨਵਾਬ ਮਲਿਕ ਦਾ ਹਮਲਾ, ਕਿਹਾ- ਉਨ੍ਹਾਂ ਨੂੰ ਜੇਲ੍ਹ ਭੇਜਣ ਵਾਲੇ ਅੱਜ ਸਲਾਖਾਂ ਪਿੱਛੇ

ਏਜੰਸੀ

ਖ਼ਬਰਾਂ, ਰਾਸ਼ਟਰੀ

'ਮੇਰੀ ਲੜਾਈ ਕਿਸੇ ਪਰਿਵਾਰ ਨਾਲ ਨਹੀਂ, ਨਾਇਨਸਾਫ਼ੀ ਖ਼ਿਲਾਫ਼ ਹੈ'

Sameer Wankhede & Nawab Malik

ਮੁੰਬਈ : ਕਰੂਜ਼ ਸ਼ਿਪ 'ਚ ਡਰੱਗ ਪਾਰਟੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਭਾਵੇਂ ਜ਼ਮਾਨਤ ਮਿਲ ਗਈ ਹੋਵੇ ਪਰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਸ਼ੱਕ ਦੇ ਘੇਰੇ 'ਚ ਆ ਗਏ ਹਨ। NCB ਦੀ ਜਾਂਚ 'ਤੇ ਲਗਾਤਾਰ ਸਵਾਲ ਉਠਾ ਰਹੇ NCP ਨੇਤਾ ਨਵਾਬ ਮਲਿਕ ਨੇ ਕਿਹਾ ਹੈ ਕਿ ਜੋ ਵਿਅਕਤੀ ਆਰੀਅਨ ਖਾਨ ਨੂੰ NCB ਦੇ ਦਫ਼ਤਰ 'ਚ ਘਸੀਟ ਰਿਹਾ ਸੀ, ਉਹ ਲਾਕਅੱਪ 'ਚ ਹੈ।

ਜੋ ਵਿਅਕਤੀ ਆਰੀਅਨ ਖਾਨ ਅਤੇ ਉਸ ਦੇ ਸਾਥੀਆਂ ਨੂੰ ਜ਼ਮਾਨਤ ਨਾ ਮਿਲਣ ਨੂੰ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਸੀ, ਉਹ ਅੱਜ ਮੁੰਬਈ ਪੁਲਿਸ ਦੁਆਰਾ ਸ਼ੁਰੂ ਕੀਤੀ ਗਈ ਜਾਂਚ ਸੀਬੀਆਈ ਜਾਂ ਐਨਆਈਏ ਨੂੰ ਸੌਂਪਣ ਲਈ ਅਦਾਲਤ ਵਿਚ ਪਹੁੰਚ ਰਿਹਾ ਹੈ। ਮਹਾਰਾਸ਼ਟਰ ਪੁਲਿਸ ਨੇ ਆਪਣੇ ਪੱਖ 'ਤੇ ਸਪੱਸ਼ਟ ਕੀਤਾ ਹੈ ਕਿ ਜੇਕਰ ਸਮੀਰ ਦਾਊਦ ਵਾਨਖੇੜੇ ਨੂੰ ਭ੍ਰਿਸ਼ਟਾਚਾਰ ਵਿਰੋਧੀ ਜਾਂ ਫਿਰੌਤੀ ਦੇ ਦੋਸ਼ 'ਚ ਗ੍ਰਿਫ਼ਤਾਰ ਕਰਨਾ ਹੈ ਤਾਂ ਉਸ ਨੂੰ 72 ਘੰਟਿਆਂ ਦਾ ਨੋਟਿਸ ਦਿਤਾ ਜਾਵੇਗਾ।

ਇਹ ਵੀ ਪੜ੍ਹੋ : ਦੋਹਰਾ ਸੰਵਿਧਾਨ ਮਾਮਲਾ : ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੂੰ ਹੁਸ਼ਿਆਰਪੁਰ ਅਦਾਲਤ ਨੇ ਭੇਜਿਆ ਸੰਮਨ

ਨਵਾਬ ਮਲਿਕ ਨੇ ਕਿਹਾ, 'ਜਿਨ੍ਹਾਂ ਨੇ ਆਰੀਅਨ ਖਾਨ ਨੂੰ ਸਲਾਖਾਂ ਦੇ ਪਿੱਛੇ ਲਿਆ ਸੀ, ਉਹ ਖੁਦ ਅੱਜ ਸਲਾਖਾਂ ਪਿੱਛੇ ਹਨ, ਇਸੇ ਲਈ ਮੈਂ ਕੱਲ੍ਹ ਲਿਖਿਆ ਸੀ ਕਿ ਪਿਕਚਰ ਅਜੇ ਬਾਕੀ ਹੈ ਮੇਰੇ ਦੋਸਤ। ਹਰ ਕਿਸੇ ਨੂੰ ਜ਼ਮਾਨਤ ਲੈਣ ਦਾ ਹੱਕ ਹੈ ਜਦੋਂ ਤੱਕ ਕੋਈ ਜੁਰਮ ਸਾਬਤ ਨਹੀਂ ਹੋ ਜਾਂਦਾ। ਬਿਨਾਂ ਕਿਸੇ ਜੁਰਮ ਦੇ ਕਿਸੇ ਨੂੰ ਜੇਲ੍ਹ ਵਿਚ ਰੱਖਣਾ ਨਾਇਨਸਾਫ਼ੀ ਹੈ। ਜਿਸ ਆਧਾਰ 'ਤੇ ਵਿਸ਼ੇਸ਼ ਅਦਾਲਤ ਨੇ ਦੋ ਵਿਅਕਤੀਆਂ ਨੂੰ ਜ਼ਮਾਨਤ ਦਿਤੀ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਕਿਲਾ ਅਦਾਲਤ ਨੂੰ ਹੀ ਜ਼ਮਾਨਤ ਦੇਣੀ ਚਾਹੀਦੀ ਸੀ ਪਰ ਐਨਸੀਬੀ ਹਰ ਵਾਰ ਵੱਖ-ਵੱਖ ਦਲੀਲਾਂ ਪੇਸ਼ ਕਰਨ ਦਾ ਕੰਮ ਕਰ ਰਹੀ ਸੀ।

ਐਨਸੀਬੀ ਦਾ ਇੱਕੋ ਇੱਕ ਇਰਾਦਾ ਹੈ ਕਿ ਕਿਵੇਂ ਕੇਸ ਨੂੰ ਪੇਚੀਦਾ ਬਣਾਇਆ ਜਾਵੇ ਅਤੇ ਝੂਠ ਬੋਲ ਕੇ ਵੱਧ ਤੋਂ ਵੱਧ ਲੋਕਾਂ ਨੂੰ ਜੇਲ੍ਹ ਭੇਜਿਆ ਜਾਵੇ। ਸਮੀਰ ਵਾਨਖੇੜੇ ਦੇ ਆਉਣ ਤੋਂ ਬਾਅਦ ਐਨਸੀਬੀ ਵਿਚ ਅਜਿਹੇ ਹੋਰ ਮਾਮਲੇ ਸਾਹਮਣੇ ਆ ਰਹੇ ਹਨ। ਜੇਕਰ ਇਸ ਪੂਰੇ ਕੇਸ ਨੂੰ ਸਹੀ ਤਰੀਕੇ ਨਾਲ ਲੜਿਆ ਜਾਵੇਗਾ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਸਾਰਾ ਮਾਮਲਾ ਖ਼ਤਮ ਹੋ ਜਾਵੇਗਾ।

ਨਵਾਬ ਮਲਿਕ ਨੇ ਕਿਹਾ ਕਿ ਸਮੀਰ ਵਾਨਖੇੜੇ ਮੀਡੀਆ ਦੇ ਸਾਹਮਣੇ ਕਹਿ ਰਿਹਾ ਹੈ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਵਿਚ ਘਸੀਟਿਆ ਜਾ ਰਿਹਾ ਹੈ। ਉਸ ਦੀ ਮਰੀ ਹੋਈ ਮਾਂ ਦਾ ਨਾਂ ਖਿੱਚਿਆ ਜਾ ਰਿਹਾ ਹੈ। ਮੈਂ ਸਮੀਰ ਵਾਨਖੇੜੇ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਉਨ੍ਹਾਂ ਦੀ ਮਾਂ ਦਾ ਨਾਂ ਨਹੀਂ ਲਿਆ ਅਤੇ ਜਨਤਕ ਤੌਰ 'ਤੇ ਉਨ੍ਹਾਂ 'ਤੇ ਕਦੇ ਕੋਈ ਉਂਗਲ ਨਹੀਂ ਚੁੱਕੀ। ਜਦੋਂ ਮੈਂ ਉਸ ਦਾ ਜਨਮ ਸਰਟੀਫਿਕੇਟ ਦੇਖਿਆ ਤਾਂ ਉਸ ਵਿੱਚ ਜਿਹੜਾ ਨਾਮ ਲਿਖਿਆ ਹੋਇਆ ਸੀ ਉਸ ਦਾ ਹੀ ਜ਼ਿਕਰ ਕੀਤਾ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਇੱਕ ਹੋਰ ਸੰਘਰਸ਼ੀ ਕਿਸਾਨ ਨੇ ਦੁਨੀਆਂ ਨੂੰ ਕਿਹਾ ਅਲਵਿਦਾ 

ਨਵਾਬ ਮਲਿਕ ਨੇ ਕਿਹਾ ਕਿ ਮੈਂ ਸਮੀਰ ਵਾਨਖੇੜੇ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਦੀ ਫੋਟੋ ਸ਼ੇਅਰ ਕੀਤੀ ਸੀ। ਉਸ ਸਮੇਂ ਲੋਕਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਤਸਵੀਰ ਨੂੰ ਜਨਤਕ ਕਿਉਂ ਕੀਤਾ? ਉਨ੍ਹਾਂ ਲੋਕਾਂ ਨੂੰ ਦਸਣਾ ਚਾਹੁੰਦਾ ਹਾਂ ਕਿ ਮੈਨੂੰ ਉਹ ਫੋਟੋ ਦੁਪਹਿਰ ਕਰੀਬ 2 ਵਜੇ ਮਿਲੀ ਸੀ। ਫੋਟੋ ਦੇ ਨਾਲ ਸੁਨੇਹਾ ਆਇਆ ਕਿ ਤਸਵੀਰ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ। ਮੈਂ ਸਮੀਰ ਵਾਨਖੇੜੇ ਦੀ ਪਤਨੀ ਬਾਰੇ ਕਦੇ ਟਿੱਪਣੀ ਨਹੀਂ ਕੀਤੀ। ਸਾਡੀ ਲੜਾਈ ਕਿਸੇ ਪਰਿਵਾਰ ਨਾਲ ਨਹੀਂ ਹੈ। ਮੇਰੀ ਲੜਾਈ ਸਿੱਧੀ ਅਤੇ ਨਾਇਨਸਾਫ਼ੀ ਵਿਰੁੱਧ ਹੈ।

'ਮੁੰਬਈ ਦੀਆਂ ਜੇਲ੍ਹਾਂ 'ਚ 100 ਤੋਂ ਵੱਧ ਬੇਕਸੂਰ ਬੰਦ'

ਅੱਜ ਵੀ ਮੁੰਬਈ ਦੀਆਂ ਜੇਲ੍ਹਾਂ 'ਚ 100 ਤੋਂ ਵੱਧ ਬੇਕਸੂਰ ਬੰਦ ਹਨ, ਜਿਨ੍ਹਾਂ ਨੂੰ ਨਾਜਾਇਜ਼ ਤਰੀਕੇ ਨਾਲ ਫਸਾਇਆ ਗਿਆ ਹੈ। ਅਸੀਂ ਵਿਸ਼ੇਸ਼ 26 ਦੇ ਨਾਲ DJ NCB ਨੂੰ ਇੱਕ ਪੱਤਰ ਲਿਖਿਆ ਹੈ। ਸਾਨੂੰ ਕਿਹਾ ਗਿਆ ਸੀ ਕਿ ਐਨਸੀਬੀ ਇਸ ਦੀ ਜਾਂਚ ਕਰੇਗੀ, ਪਰ ਬਾਅਦ ਵਿਚ ਸੂਤਰ ਦਾ ਨਾਮ ਨਾ ਦੱਸੇ ਜਾਨ 'ਤੇ ਐਨਸੀਬੀ ਅਧਿਕਾਰੀ ਜਾਂਚ ਤੋਂ ਮੁੱਕਰ ਗਏ। ਕੇਂਦਰੀ ਵਿਜੀਲੈਂਸ ਕਮੇਟੀ ਦਾ ਹੁਕਮ ਹੈ ਕਿ ਜੇਕਰ ਕੋਈ ਆਪਣੀ ਪਛਾਣ ਲੁਕਾਉਣੀ ਚਾਹੁੰਦਾ ਹੈ ਤਾਂ ਅਜਿਹੀ ਸ਼ਿਕਾਇਤ ਵਿੱਚ ਦਖਲ ਦੇਣ ਦੀ ਲੋੜ ਨਹੀਂ ਹੈ।

ਸਾਨੂੰ ਲਗਦਾ ਹੈ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਜਿਸਦੀ ਜਾਂਚ ਦੀ ਲੋੜ ਹੈ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਖਰਘਰ ਵਿੱਚ ਇੱਕ ਬੱਚਾ ਅਤੇ ਇੱਕ ਨਾਈਜੀਰੀਅਨ ਫੜਿਆ ਗਿਆ ਸੀ। ਬੱਚਾ ਛੋਟਾ ਸੀ, ਇਸ ਲਈ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਨਾਈਜੀਰੀਅਨ ਨੂੰ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ ਹੈ। ਇਸ ਕੇਸ ਦੇ ਗਵਾਹ ਨੇ ਕਿਹਾ ਹੈ ਕਿ ਇਹ ਕੇਸ ਪੂਰੀ ਤਰ੍ਹਾਂ ਫਰਜ਼ੀ ਹੈ ਅਤੇ ਉਸ ਤੋਂ ਕੋਰੇ ਕਾਗਜ਼ 'ਤੇ ਦਸਤਖ਼ਤ ਕਰਵਾਉਣ ਦਾ ਕੰਮ ਕੀਤਾ ਗਿਆ ਹੈ।

ਨਵਾਬ ਮਲਿਕ ਨੇ ਕਿਹਾ, 'ਦੂਜੀ ਗੱਲ ਜੋ ਮੈਂ ਕਿਹਾ ਉਹ ਇਹ ਸੀ ਕਿ ਦਾੜ੍ਹੀ ਵਾਲਾ ਕੌਣ ਹੈ। ਤੁਹਾਨੂੰ ਦੱਸ ਦੇਈਏ ਕਿ ਦਾੜ੍ਹੀ ਵਾਲੇ ਕਾਸ਼ਿਫ ਖਾਨ ਫੈਸ਼ਨ ਟੀਵੀ ਦੇ ਇੰਡੀਆ ਹੈੱਡ ਹਨ। ਦੇਸ਼ ਭਰ ਵਿੱਚ ਫੈਸ਼ਨ ਸ਼ੋਅ ਆਯੋਜਿਤ ਕਰਦਾ ਹੈ ਅਤੇ ਫੈਸ਼ਨ ਸ਼ੋਆਂ ਵਿਚ ਨਸ਼ੇ ਅੰਨ੍ਹੇਵਾਹ ਵੇਚੇ ਜਾਂਦੇ ਹਨ ਅਤੇ ਵਰਤੇ ਜਾਂਦਾ ਹੈ। ਵੱਡੇ ਪੱਧਰ 'ਤੇ ਸੈਕਸ ਰੈਕੇਟ ਚਲਾਉਣ ਦਾ ਕੰਮ ਕਰਦਾ ਹੈ। ਉਸ ਦਿਨ ਕਰੂਜ਼ 'ਤੇ ਹੋਈ ਪਾਰਟੀ ਸੀ ਉਸ 'ਚੋਂ ਇਕ ਕਾਸ਼ਿਫ ਖਾਨ ਵਲੋਂ ਵੀ ਆਯੋਜਿਤ ਕੀਤੀ ਗਈ ਸੀ। ਉਸ ਨੇ ਸਾਰੇ ਸੱਦੇ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਸਨ ਅਤੇ ਉਸ ਦਿਨ ਉਹ ਵਿਅਕਤੀ ਕਰੂਜ਼ 'ਤੇ ਡਾਂਸ ਕਰਦਾ ਵੀ ਦੇਖਿਆ ਗਿਆ ਸੀ।

ਨਵਾਬ ਮਲਿਕ ਨੇ ਕਿਹਾ, 'ਇਹ ਦਾੜ੍ਹੀ ਵਾਲਾ ਫੈਸ਼ਨ ਦੇ ਨਾਂ 'ਤੇ ਦੇਸ਼ ਅਤੇ ਦੁਨੀਆ ਵਿਚ ਨਸ਼ਿਆਂ ਦਾ ਕਾਰੋਬਾਰ ਕਰਦਾ ਹੈ। ਸੈਕਸ ਰੈਕੇਟ ਚਲਾਉਂਦਾ ਹੈ ਅਤੇ ਸਮੀਰ ਵਾਨਖੇੜੇ ਜੀ ਦੇ ਉਸ ਨਾਲ ਚੰਗੇ ਸਬੰਧ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਅਸੀਂ ਕਈ ਵਾਰ ਉਸ 'ਤੇ ਛਾਪਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਮੀਰ ਵਾਨਖੇੜੇ ਨੇ ਸਾਨੂੰ ਕਾਸ਼ਿਫ ਖਾਨ 'ਤੇ ਕਾਰਵਾਈ ਕਰਨ ਤੋਂ ਰੋਕਣ ਦਾ ਕੰਮ ਕੀਤਾ। 3 ਦਿਨ ਪਹਿਲਾਂ ਮੈਂ ਸਵਾਲ ਚੁੱਕਿਆ ਸੀ ਕਿ ਇਮਾਨਦਾਰ ਅਫ਼ਸਰ ਕਾਸ਼ਿਫ ਖਾਨ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰ ਰਿਹਾ। ਕੀ ਉਸ ਦੀ ਗ੍ਰਿਫ਼ਤਾਰੀ ਨਾਲ ਉਸ ਦੇ ਭੇਦ ਖੁੱਲ੍ਹਣਗੇ? ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਪੂਰੇ ਮਾਮਲੇ ਵਿਚ ਇੰਨੀ ਝੋਲ ਹੈ ਕਿ ਵੱਧ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।