ਛਾਵਲਾ ਬਲਾਤਕਾਰ ਮਾਮਲਾ : ਮੁਲਜ਼ਮਾਂ ਨੂੰ ਹਾਈਕੋਰਟ ਨੇ ਸੁਣਾਈ ਸੀ ਫਾਂਸੀ ਦੀ ਸਜ਼ਾ ਤੇ ਸੁਪਰੀਮ ਕੋਰਟ ਨੇ ਕੀਤਾ ਬਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

2012 'ਚ ਦਫ਼ਤਰ ਤੋਂ ਘਰ ਵਾਪਸ ਜਾਂਦੇ ਸਮੇਂ 19 ਸਾਲਾ ਲੜਕੀ ਨੂੰ ਅਗ਼ਵਾ ਕਰ ਕੇ ਕੀਤਾ ਸੀ ਸਮੂਹਿਕ ਬਲਾਤਕਾਰ

Chhawla rape case

ਤਸੀਹੇ ਦੇ ਕੇ ਕੀਤਾ ਗਿਆ ਸੀ ਲੜਕੀ ਦਾ ਕਤਲ 
ਨਵੀਂ ਦਿੱਲੀ :
ਸਾਲ 2012 'ਚ ਛਾਵਲਾ ਬਲਾਤਕਾਰ ਮਾਮਲੇ 'ਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਤਿੰਨਾਂ ਦੋਸ਼ੀਆਂ ਰਵੀ, ਰਾਹੁਲ ਅਤੇ ਵਿਨੋਦ ਨੂੰ ਬਰੀ ਕਰ ਦਿੱਤਾ ਹੈ। ਸਾਲ 2012 'ਚ ਦਿੱਲੀ ਦੇ ਛਾਵਲਾ ਇਲਾਕੇ 'ਚ 19 ਸਾਲਾ ਲੜਕੀ ਨਾਲ ਬਲਾਤਕਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। 

ਇਸ ਮਾਮਲੇ ਵਿੱਚ ਫਰਵਰੀ 2014 ਵਿੱਚ ਦਿੱਲੀ ਦੀ ਇੱਕ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਬਾਅਦ ਵਿੱਚ ਹਾਈ ਕੋਰਟ ਨੇ ਵੀ ਇਸ ਸਜ਼ਾ ਨੂੰ ਬਰਕਰਾਰ ਰੱਖਿਆ। ਇਸ ਤੋਂ ਬਾਅਦ ਤਿੰਨਾਂ ਨੇ ਇਸ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ।  ਇਹ ਘਟਨਾ ਉਦੋਂ ਵਾਪਰੀ ਜਦੋਂ ਲੜਕੀ 2012 ਵਿੱਚ ਆਪਣੇ ਦਫ਼ਤਰ ਤੋਂ ਵਾਪਸ ਆ ਰਹੀ ਸੀ। ਇਸ ਦੌਰਾਨ ਤਿੰਨਾਂ ਦੋਸ਼ੀਆਂ ਨੇ ਉਸ ਨੂੰ ਅਗ਼ਵਾ ਕਰ ਲਿਆ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਇਸ ਤੋਂ ਬਾਅਦ ਤਿੰਨਾਂ ਨੇ ਅਣਮਨੁੱਖੀ ਤਰੀਕੇ ਨਾਲ ਉਸ 'ਤੇ ਤਸ਼ੱਦਦ ਕੀਤਾ।

ਦੱਸਣਯੋਗ ਹੈ ਕਿ 2012 ਵਿਚ ਛਾਵਲਾ ਵਿੱਚ ਉਸ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਮੁਲਜ਼ਮ ਉਸ ਨੂੰ ਕਾਰ ਵਿੱਚ ਬਿਠਾ ਕੇ ਦਿੱਲੀ ਤੋਂ ਬਾਹਰ ਲੈ ਗਏ। ਉਸ ਦਾ ਸਮੂਹਿਕ ਤੌਰ 'ਤੇ ਜਿਸਮਾਨੀ ਸ਼ੋਸ਼ਣ ਕੀਤਾ ਗਿਆ। ਲੜਕੀ ਦੇ ਸਰੀਰ ਨੂੰ ਸਿਗਰਟਾਂ ਨਾਲ ਜਗਾਇਆ ਗਿਆ ਅਤੇ ਉਸ ਦੇ ਚਿਹਰੇ 'ਤੇ ਤੇਜ਼ਾਬ ਪਾ ਦਿੱਤਾ ਗਿਆ। ਉਸ ਦੇ ਸਰੀਰ 'ਤੇ ਕਾਰ ਦੇ ਔਜਾਰਾਂ ਅਤੇ ਹੋਰ ਕਈ ਚੀਜ਼ਾਂ ਨਾਲ ਹਮਲਾ ਕੀਤਾ ਗਿਆ ਸੀ। ਗੈਂਗਰੇਪ ਤੋਂ ਬਾਅਦ ਦੋਸ਼ੀਆਂ ਨੇ ਉਸ ਦੀ ਹੱਤਿਆ ਕਰ ਦਿੱਤੀ। 14 ਫਰਵਰੀ ਨੂੰ ਹਰਿਆਣਾ ਦੇ ਰੇਵਾੜੀ ਤੋਂ ਲੜਕੀ ਦੀ ਲਾਸ਼ ਮਿਲੀ ਸੀ।

ਮਾਮਲੇ ਵਿੱਚ ਰਾਹੁਲ, ਰਵੀ ਅਤੇ ਵਿਨੋਦ ਨਾਮ ਦੇ ਦੋਸ਼ੀਆਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ 'ਚ ਦਿੱਲੀ ਦੀ ਹੇਠਲੀ ਅਦਾਲਤ ਨੇ ਸਾਲ 2014 'ਚ ਤਿੰਨ ਦੋਸ਼ੀਆਂ ਨੂੰ ਸਭ ਤੋਂ ਦੁਰਲੱਭ ਮਾਮਲਾ ਕਰਾਰ ਦਿੰਦੇ ਹੋਏ ਮੌਤ ਦੀ ਸਜ਼ਾ ਸੁਣਾਈ ਸੀ। 26 ਅਗਸਤ 2014 ਨੂੰ ਹਾਈ ਕੋਰਟ ਨੇ ਵੀ ਇਸ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਮੌਤ ਦੀ ਸਜ਼ਾ ਸੁਣਾਈ ਸੀ।

ਹੁਣ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਫੈਸਲੇ ਭਾਵਨਾਵਾਂ ਦੇ ਆਧਾਰ 'ਤੇ ਨਹੀਂ ਦਿੱਤੇ ਜਾਂਦੇ । ਦਰਅਸਲ, ਮਾਮਲੇ ਦੀ ਸੁਣਵਾਈ ਦੌਰਾਨ ਪੀੜਤ ਲੜਕੀ ਦੇ ਪਿਤਾ ਨੇ ਕਿਹਾ ਸੀ ਕਿ ਮਾਮਲੇ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਸ 'ਤੇ ਜੱਜਾਂ ਨੇ ਕਿਹਾ ਸੀ ਕਿ ਸਜ਼ਾ ਤਰਕ ਅਤੇ ਸਬੂਤਾਂ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ। ਅਸੀਂ ਤੁਹਾਡੀਆਂ ਭਾਵਨਾਵਾਂ ਨੂੰ ਸਮਝ ਰਹੇ ਹਾਂ, ਪਰ ਅਦਾਲਤ ਵਿੱਚ ਭਾਵਨਾਵਾਂ ਨੂੰ ਦੇਖ ਕੇ ਫੈਸਲੇ ਨਹੀਂ ਲਏ ਜਾਂਦੇ।