1984 ਕਤਲੇਆਮ: 2 ਸਿੱਖਾਂ ਦੇ ਕਤਲ ਮਾਮਲੇ 'ਚ ਸੱਜਣ ਕੁਮਾਰ ਖ਼ਿਲਾਫ਼ ਦੰਗੇ, ਕਤਲ, ਡਕੈਤੀ ਦੇ ਦੋਸ਼ ਤੈਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਸਮੀ ਤੌਰ 'ਤੇ ਦੋਸ਼ ਤੈਅ ਕਰਨ ਲਈ ਮਾਮਲਾ 16 ਦਸੰਬਰ ਨੂੰ ਲਈ ਸੂਚੀਬੱਧ ਕੀਤਾ ਗਿਆ ਹੈ।

Sajjan Kumar

ਨਵੀਂ ਦਿੱਲੀ: 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਨੇ ਦਿੱਲੀ ਦੇ ਰਾਜ ਨਗਰ ਵਿਚ ਦੋ ਸਿੱਖਾਂ ਦੇ ਕਤਲ ਮਾਮਲੇ ਵਿਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਖ਼ਿਲਾਫ਼ ਆਈਪੀਸੀ ਦੀਆਂ ਕਈ ਧਾਰਾਵਾਂ ਤਹਿਤ ਦੰਗੇ, ਕਤਲ, ਡਕੈਤੀ ਆਦਿ ਦੇ ਦੋਸ਼ਾਂ ਦਾ ਐਲਾਨ ਕੀਤਾ ਹੈ। ਰਸਮੀ ਤੌਰ 'ਤੇ  ਦੋਸ਼ ਤੈਅ ਕਰਨ ਲਈ ਮਾਮਲਾ 16 ਦਸੰਬਰ ਨੂੰ ਲਈ ਸੂਚੀਬੱਧ ਕੀਤਾ ਗਿਆ ਹੈ।

ਇਹ ਮਾਮਲਾ ਦਿੱਲੀ ਦੇ ਰਾਜ ਨਗਰ ਵਿਚ ਦੋ ਸਿੱਖਾਂ- ਸਰਦਾਰ ਜਸਵੰਤ ਸਿੰਘ ਅਤੇ ਸਰਦਾਰ ਤਰੁਣ ਦੀਪ ਸਿੰਘ ਦੇ ਕਤਲ ਨਾਲ ਸਬੰਧਤ ਹੈ। ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਨੇ ਦੱਸਿਆ ਕਿ ਅਦਾਲਤ ਨੇ (ਆਈਪੀਸੀ) ਦੀਆਂ ਧਾਰਾਵਾਂ 147, 149, 148, 302, 308, 323, 395, 397, 427, 436, 440 ਤਹਿਤ ਸੱਜਣ ਕੁਮਾਰ ਖਿਲਾਫ਼ ਦੰਗਾ, ਕਤਲ ਅਤੇ ਡਕੈਤੀ ਦੇ ਦੋਸ਼ ਤੈਅ ਕੀਤੇ ਹਨ। 

ਮਿਲੀ ਜਾਣਕਾਰੀ ਅਨੁਸਾਰ ਸੱਜਣ ਕੁਮਾਰ ਖ਼ਿਲਾਫ਼ ਦਿੱਲੀ ਦੇ ਸਰਸਵਤੀ ਵਿਹਾਰ ਥਾਣੇ ਵਿਚ ਐਫਆਈਆਰ 458/91 ਦਰਜ ਕੀਤੀ ਗਈ ਸੀ। ਚਸ਼ਮਦੀਦ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਸੱਜਣ ਕੁਮਾਰ ਦੀ ਪਛਾਣ ਉਦੋਂ ਕੀਤੀ ਜਦੋਂ ਉਸ ਨੇ ਸਾਬਕਾ ਕਾਂਗਰਸੀ ਆਗੂ ਦੀ ਤਸਵੀਰ ਦੇਖੀ।

ਵਕੀਲ ਨੇ ਦੱਸਿਆ ਕਿ 1994 ਵਿਚ ਇਹ ਕੇਸ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ ਅਤੇ ਐਸਆਈਟੀ ਨੇ ਇਸ ਨੂੰ ਦੁਬਾਰਾ ਖੋਲ੍ਹਿਆ ਸੀ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਅਤੇ ਹੁਣ ਮਾਮਲੇ ਨੂੰ ਰਸਮੀ ਤੌਰ 'ਤੇ 16 ਦਸੰਬਰ ਨੂੰ ਦੋਸ਼ ਤੈਅ ਕਰਨ ਲਈ ਸੂਚੀਬੱਧ ਕੀਤਾ ਹੈ।