ਇਰਾਨ-ਅਮਰੀਕਾ ਤਣਾਅ ਨੇ ਬਾਸਮਤੀ ਚਾਵਲ ਉਦਯੋਗ ਦੀ ਉਡਾਈ ਨੀਂਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੰਦਰਗਾਹਾਂ 'ਤੇ ਫਸਿਆ ਹਜ਼ਾਰਾਂ ਟਨ ਬਾਸਮਤੀ ਚਾਵਲ

file photo

ਨਵੀਂ ਦਿੱਲੀ : ਅਮਰੀਕਾ ਤੇ ਇਰਾਨ ਵਿਚਾਲੇ ਚੱਲ ਰਹੇ ਵਿਵਾਦ ਦਾ ਅਸਲ ਦੁਨੀਆਂ ਦੇ ਬਾਕੀ ਦੇਸ਼ਾਂ 'ਤੇ ਵੀ ੈਪੈਣਾ ਸ਼ੁਰੂ ਹੋ ਗਿਆ ਹੈ। ਤੇਲ ਕੀਮਤਾਂ 'ਚ ਵਾਧੇ ਦਾ ਤੇਲ ਦਰਾਮਦ ਕਰਨ ਵਾਲੇ ਦੇਸ਼ਾਂ ਉਤੇ ਅਸਰ ਹੋਣਾ ਤੈਅ ਹੈ ਜਿਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ। ਦੇਸ਼ ਅੰਦਰ ਤੇਲ ਕੀਮਤਾਂ 'ਚ ਤੇਜ਼ੀ ਨੇ ਕੇਂਦਰ ਸਰਕਾਰ ਦੀ ਵੀ ਨੀਂਦ ਉਡਾ ਦਿਤੀ ਹੈ।

ਭਾਰਤ ਤੋਂ ਖਾੜੀ ਦੇਸ਼ਾਂ ਨੂੰ ਵੱਡੀ ਪੱਧਰ 'ਤੇ ਬਾਸਮਤੀ ਚਾਵਲ ਭੇਜਿਆ ਜਾਂਦਾ ਹੈ। ਇਰਾਨ ਅਮਰੀਕਾ ਤਣਾਅ ਕਾਰਨ ਬਾਸਮਤੀ ਚਾਵਲ ਉਦਯੋਗ ਦੋਹਰੀ ਮਾਰ ਸਹਿਣ ਲਈ ਮਜਬੂਰ ਹੈ। ਇਸ ਕਾਰਨ ਪੰਜਾਬ, ਹਰਿਆਣਾ ਸਮੇਤ ਦੇਸ਼ ਭਰ ਦੇ ਬਰਾਮਦਕਾਰਾਂ ਦਾ 50 ਹਜ਼ਾਰ ਟਨ ਤੋਂ ਵਧੇਰੇ ਬਾਸਮਤੀ ਚਾਵਲ ਬੰਦਰਗਾਹਾਂ 'ਤੇ ਅਟਕ ਗਿਆ ਹੈ।

ਹਾਲਤ ਇਹ ਹੈ ਕਿ ਬਾਹਰੀ ਖਰੀਦਦਾਰਾਂ ਤੋਂ ਇਲਾਵਾ ਸਥਾਨਕ ਬਰਾਮਦਕਾਰਾਂ ਨੇ ਵੀ ਉਨ੍ਹਾਂ ਦਾ ਮਾਲ ਭੇਜਣਾ ਬੰਦ ਕਰ ਦਿਤਾ ਹੈ। ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਨੇ ਵੀ ਤਣਾਅ ਵਧਣ ਦੇ ਸ਼ੰਕਿਆਂ ਦਰਮਿਆਨ ਆਉਂਦੇ ਕੁੱਝ ਦਿਨਾਂ ਦੌਰਾਨ ਚਾਵਲ ਨਾ ਭੇਜਣ ਦੀ ਸਲਾਹ ਦਿਤੀ ਹੈ।

ਇਸ ਦਾ ਅਸਰ ਚਾਵਲਾਂ ਦੀ ਮੰਡੀਆਂ 'ਚ ਕੀਮਤ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਚੋਲਾਂ ਦੀ ਕੀਮਤ ਹੁਣ 150 ਰੁਪਏ ਤਕ ਥੱਲੇ ਆ ਗਈ ਹੈ। ਚੋਲਾਂ ਦੀ ਕੀਮਤ 'ਚ 300 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਮੀ ਕੀਤੀ ਗਈ ਹੈ। ਯੂਰਪ ਦੇ ਦੇਸ਼ਾਂ ਵਿਚ ਚਾਵਲਾਂ ਦੀ ਬਰਾਮਦ ਪਹਿਲਾਂ ਹੀ ਬੰਦ ਸੀ। ਹੁਣ ਅਰਬ ਦੇਸ਼ਾਂ 'ਚ ਚਾਵਲ ਦਾ ਨਿਰਯਾਤ ਬੰਦ ਹੋਣ ਕਾਰਨ ਵੱਡਾ ਨੁਕਸਾਨ ਹੋਣ ਦਾ ਖਦਸਾ ਹੈ।

ਕੈਥਲ ਦੇ ਚਾਵਲ ਬਰਾਮਦ ਕਰਨ ਵਾਲੇ ਨਰਿੰਦਰ ਮਿਗਲਾਨੀ ਦਾ ਕਹਿਣਾ ਹੈ ਕਿ ਯੂਰਪ 'ਚ ਚੌਲ ਪਹਿਲਾ ਹੀ ਬੰਦ ਸੀ। ਇਰਾਨ ਨਾਲ ਪਹਿਲਾਂ ਹੀ ਮੁੱਦਾ ਚੱਲ ਰਿਹਾ ਸੀ। ਇਰਾਨ-ਅਮਰੀਕਾ ਵਿਚਾਲੇ ਪੈਦਾ ਹੋਏ ਤਾਜ਼ਾ ਤਣਾਅ ਕਾਰਨ ਇਰਾਨ, ਇਰਾਕ ਤੇ ਦੁਬਈ ਲਈ ਜਾਣ ਵਾਲੇ ਸਮੁੰਦਰੀ ਜਹਾਜਾਂ ਨੂੰ ਰੋਕ ਦਿਤਾ ਗਿਆ ਹੈ। ਇਸ ਕਾਰਨ ਉਨ੍ਹਾਂ ਦੇ 100 ਕੰਟੇਨਰ ਬੰਦਰਗਾਹ 'ਤੇ ਫਸ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਛੇਤੀ ਨਾ ਸੁਧਰੇ ਤਾਂ ਚਾਵਲ ਉਦਯੋਗ ਨੂੰ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ।