ਬਰਡ ਫਲੂ ਦਾ ਕਹਿਰ: ਹਰਿਆਣਾ ਦੇ ਪੰਚਕੂਲਾ ’ਚ 1.60 ਲੱਖ ਤੋਂ ਵੱਧ ਪੰਛੀਆਂ ਨੂੰ ਮਾਰਿਆ ਜਾਵੇਗਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਚਕੂਲਾ ਦੇ ਫ਼ਾਰਮਾਂ ’ਚ ਪਿਛਲੇ ਦਿਨਾਂ ਅੰਦਰ ਚਾਰ ਲੱਖ ਪੰਛੀਆਂ ਦੀ ਹੋਈ ਮੌਤ

Bird flu

ਚੰਡੀਗੜ੍ਹ : ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ.ਪੀ. ਦਲਾਲ ਨੇ ਸ਼ੁਕਰਵਾਰ ਨੂੰ ਕਿਹਾ ਕਿ ਪੰਚਕੂਲਾ ਦੇ ਕੁਝ ਪੋਲਟਰੀ ਨਮੂਨਿਆਂ ਦੇ ਐਵੀਅਨ ਫ਼ਲੂ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਇਸ ਤੋਂ ਬਾਅਦ ਪੰਜ ਪੋਲਟਰੀ ਫ਼ਾਰਮਾਂ ਵਿਚ 1.60 ਲੱਖ ਤੋਂ ਜ਼ਿਆਦਾ ਪੰਛੀਆਂ ਨੂੰ ਮਾਰਿਆ ਜਾਵੇਗਾ। ਦਲਾਲ ਨੇ ਇਥੇ ਪੱਤਰਕਾਰਾਂ ਨੂੰ ਦਸਿਆ ਕਿ ਪੰਚਕੂਲਾ ਦੇ ਰਾਏਪੁਰ ਰਾਣੀ ਬਲਾਕ ਵਿਚ ਸਿਧਾਰਥ ਪੋਲਟਰੀ ਫ਼ਾਰਮ ਦੇ ਪੰਜ ਨਮੂਨੇ ਐਵੀਅਨ ਫ਼ਲੂ ਦੇ ਐਚ5ਐਨ8 ਸਟ੍ਰੈੱਨ ਨਾਲ ਪੀੜਤ ਮਿਲੇ ਹਨ। ਇਹ ਇੰਫਲੂਏਂਜਾ ਵਾਇਰਸ ਹੈ। 

ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਪੰਚਕੂਲਾ ਦੇ ਨੇਚਰ ਪੋਲਟਰੀ ਫ਼ਾਰਮ ਨੇ ਕੁਝ ਪੰਛੀਆਂ ਦੇ ਨਮੂਨਿਆਂ ਵਿਚ ਵੀ ਵਾਇਰਸ ਦੀ ਪੁਸ਼ਟੀ ਹੋਈ ਹੈ। ਇਹ ਨਮੂਨੇ ਭੋਪਾਲ ਦੀ ਪ੍ਰਯੋਗਸ਼ਾਲਾ ਵਿਚ ਭੇਜੇ ਗਏ ਸਨ ਅਤੇ ਉਨ੍ਹਾਂ ਦੀ ਰੀਪੋਰਟ ਹੁਣ ਆ ਚੁਕੀ ਹੈ। 

ਮੰਤਰੀ ਨੇ ਕਿਹਾ ਕਿ ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤਾਂ ਦੇ ਪੋਲਟਰੀ ਪੰਛੀਆਂ ਨੂੰ ਕਿਸੇ ਵੀ ਫ਼ਾਰਮ ਦੇ ਕਿਲੋਮੀਟਰ ਦੇ ਘੇਰੇ ਵਿਚ ਮਾਰਿਆ ਜਾਣਾ ਹੈ, ਜਿਥੇ ਪੰਛੀ ਪੀੜਤ ਮਿਲਦੇ ਹਨ। ਉਨ੍ਹਾਂ ਅਨੁਸਾਰ ਪੰਚਕੂਲਾ ਵਿਚ ਪੰਜ ਪੋਲਟਰੀ ਫਾਰਮਾਂ ਦੇ ਲਗਭਗ 1.66 ਲੱਖ ਪੰਛੀਆਂ ਨੂੰ ਮਾਰਨਾ ਪਏਗਾ। ਦਲਾਲ ਨੇ ਕਿਹਾ ਕਿ ਇਨ੍ਹਾਂ ਪੋਲਟਰੀ ਫ਼ਾਰਮਾਂ ਦੇ ਕਾਮਿਆਂ ਦੀ ਵੀ ਸਿਹਤ ਵਿਭਾਗ ਵਲੋਂ ਜਾਂਚ ਵੀ ਕੀਤੀ ਜਾਏਗੀ ਅਤੇ ਐਂਟੀ-ਵਾਇਰਸ ਦਵਾਈ ਦਿਤੀ ਜਾਵੇਗੀ। ਦਸਣਯੋਗ ਹੈ ਕਿ ਪੰਚਕੂਲਾ ਦੇ ਕੁਝ ਫ਼ਾਰਮਾਂ ਵਿਚ ਪਿਛਲੇ ਦਿਨਾਂ ਵਿਚ ਚਾਰ ਲੱਖ ਪੰਛੀਆਂ ਦੀ ਮੌਤ ਹੋ ਚੁਕੀ ਹੈ। 

ਕੀ ਹੈ ਬਰਡ ਫ਼ਲੂ? : ਐਵੀਅਨ ਇੰਫਲੂਏਂਜਾ (ਐੱਚ5 ਐੱਨ8) ਵਾਇਰਸ ਦਾ ਇਕ ਸਬ-ਟਾਇਪ ਹੈ, ਜੋ ਕਿ ਖ਼ਾਸ ਤੌਰ ਤੋਂ ਪੰਛੀਆਂ ਰਾਹੀਂ ਫੈਲਦਾ ਹੈ। ਇਹ ਬੀਮਾਰੀ ਪੰਛੀਆਂ ਵਿਚਕਾਰ ਬਹੁਤ ਤੇਜ਼ੀ ਨਾਲ ਫੈਲਦੀ ਹੈ। ਇਹ ਇੰਨੀ ਖ਼ਤਰਨਾਕ ਹੁੰਦੀ ਹੈ ਕਿ ਪੰਛੀਆਂ ਦੀ ਮੌਤ ਹੋ ਜਾਂਦੀ ਹੈ। ਪੰਛੀਆਂ ਤੋਂ ਇਹ ਬੀਮਾਰੀ ਮਨੁੱਖਾਂ ਵਿਚ ਵੀ ਫੈਲਦੀ ਹੈ। ਇਸ ਵਾਇਰਸ ਦੀ ਪਛਾਣ ਪਹਿਲੀ ਵਾਰ 1996 ’ਚ ਚੀਨ ਵਿਚ ਕੀਤੀ ਗਈ ਸੀ। ਏਸ਼ੀਆਈ ਐੱਚ5 ਐੱਨ8 ਮਨੁੱਖਾਂ ਵਿਚ ਪਹਿਲੀ ਵਾਰ 1997 ’ਚ ਪਾਇਆ ਗਿਆ, ਜਦੋਂ ਹਾਂਗਕਾਂਗ ’ਚ ਇਕ ਪੋਲਟਰੀ ਫਾਰਮ ’ਚ ਮੁਰਗੀਆਂ ’ਚ ਵਾਇਰਸ ਮਿਲਿਆ ਸੀ।