ਭਾਜਪਾ ਨੇ 2 ਫਰਵਰੀ ਨੂੰ ਹੀ ਮੰਨ ਲਈ ਸੀ ਹਾਰ, ਭਗਵੰਤ ਮਾਨ ਨੇ ਜਾਰੀ ਕੀਤੀ ਭਾਜਪਾ ਦੀ ਲੀਕ ਚਿੱਠੀ
ਦੇਸ਼ ਦੀ ਰਾਸ਼ਟਰੀ ਰਾਜਧਾਨੀ ਵਿਚ ਅੱਜ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ।
ਚੰਡੀਗੜ੍ਹ: ਦੇਸ਼ ਦੀ ਰਾਸ਼ਟਰੀ ਰਾਜਧਾਨੀ ਵਿਚ ਅੱਜ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇਹਨਾਂ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਦੀ ਸਿਆਸਤ ਦਾ ਮਾਹੌਲ ਗਰਮਾਇਆ ਹੋਇਆ। ਚੋਣਾਂ ਦਰਮਿਆਨ ਮੁੱਖ ਮੁਕਾਬਲਾ ਦਿੱਲੀ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਕਾਰ ਹੈ। ਦਿੱਲੀ ਦੇ ਇਸ ਦੰਗਲ ਵਿਚਕਾਰ ਹੀ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।
ਇਸ ਖ਼ਬਰ ਤੋਂ ਜ਼ਾਹਿਰ ਹੁੰਦਾ ਹੈ ਕਿ ਭਾਜਪਾ ਨੇ ਦਿੱਲੀ ਦੀਆਂ ਚੋਣਾਂ ਵਿਚ ਪਹਿਲਾਂ ਤੋਂ ਹੀ ਹਾਰ ਮੰਨ ਲਈ ਸੀ। ਦਰਅਸਲ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਫੇਸਬੁੱਕ ‘ਤੇ ਇਕ ਪੋਸਟ ਪਾਈ ਹੈ। ਜਿਸ ਵਿਚ ਉਹਨਾਂ ਨੇ ਇਕ ਚਿੱਠੀ ਸ਼ੇਅਰ ਕੀਤੀ ਹੈ। ਇਹ ਚਿੱਠੀ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਵੱਲੋਂ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਲਿਖੀ ਗਈ ਹੈ।
ਮਨੋਜ ਤਿਵਾੜੀ ਵੱਲੋਂ ਇਹ ਚਿੱਠੀ 2 ਫਰਵਰੀ ਨੂੰ ਜੇਪੀ ਨੱਡਾ ਨੂੰ ਲਿਖੀ ਗਈ ਸੀ। ਇਸ ਵਿਚ ਮਨੋਜ ਤਿਵਾੜੀ ਨੇ ਲਿਖਿਆ ਹੈ ਕਿ ਪਿਛਲੇ ਕੁਝ ਦਿਨਾਂ ਵਿਚ ਜਦ ਤੋਂ ਸਾਡੀ ਪਾਰਟੀ ਦੇ ਵੱਡੇ ਆਗੂ ਅਤੇ ਮੰਤਰੀਆਂ ਨੇ ਹਰ ਵਿਚ ਜ਼ਮੀਨੀ ਪੱਧਰ ‘ਤੇ ਜਨਤਾ ਨਾਲ ਗੱਲਬਾਤ ਕੀਤੀ ਹੈ, ਨਿਸ਼ਚਿਤ ਤੌਰ ‘ਤੇ ਇਹਨਾਂ ਚੋਣਾਂ ਵਿਚ ਸਾਡੀ ਸਥਿਤੀ ਵਿਚ ਸੁਧਾਰ ਆਇਆ ਹੈ।
ਪਰ ਦਿੱਲੀ ਚੋਣਾਂ ਦੇ ਸਰਵੇਖਣ ਮੁਤਾਬਕ ਹਾਲੇ ਵੀ ਭਾਜਪਾ ਪਿੱਛੇ ਚੱਲ ਰਹੀ ਹੈ ਅਤੇ ਆਮ ਆਦਮੀ ਪਾਰਟੀ ਨੇ ਅਪਣੀ ਬਹੁਮਤ ਨੂੰ ਬਰਕਰਾਰ ਰੱਖਿਆ ਹੈ।ਸਰਵੇਖਣ ਦੇ ਨਤੀਜਿਆਂ ਦੇ ਮੱਦੇਨਜ਼ਰ ਮੇਰਾ ਇਹ ਸੁਝਾਅ ਹੈ ਕਿ ਦਿੱਲੀ ਦੀਆਂ ਚੋਣਾਂ ਤੋਂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਬਾਹਰ ਰੱਖਣਾ ਹੀ ਉਚਿਤ ਕਦਮ ਹੋਵੇਗਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਚੋਣ ਨਤੀਜੇ ਸਾਡੇ ਪੱਖ ਵਿਚ ਨਾ ਆਉਣ ‘ਤੇ ਸੀਨੀਅਰ ਲੀਡਰਸ਼ਿਪ ‘ਤੇ ਕੋਈ ਸਵਾਲ ਨਾ ਚੁੱਕਿਆ ਜਾਵੇ।
ਇਸ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਲੀ ਭਾਜਪਾ ਪ੍ਰਾਧਾਨ ਹੋਣ ਦੇ ਨਾਤੇ ਇਹ ਜਵਾਬਦੇਹੀ ਅਤੇ ਜ਼ਿੰਮੇਵਾਰੀ ਮੇਰੇ ਉੱਪਰ ਰਹਿਣੀ ਚਾਹੀਦੀ ਹੈ। ਇਸ ਲਈ ਮੇਰੇ ਇਸ ਸੁਝਾਅ ‘ਤੇ ਵਿਚਾਰ ਕੀਤਾ ਜਾਵੇ। ਇਸ ਚਿੱਠੀ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਜਪਾ ਨੂੰ ਸ਼ੁਰੂ ਤੋਂ ਹੀ ਦਿੱਲੀ ਚੋਣਾਂ ਦੇ ਵਿਚ ਹਾਰ ਦਾ ਡਰ ਸਤਾ ਰਿਹਾ ਸੀ। ਪਰ ਹੁਣ ਇਹ ਤਾਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਆਖਿਰ ਦਿੱਲੀ ਕਿਸ ਦੀ ਹੋਵੇਗੀ।