''ਮੋਦੀ ਦਾ ਵਤੀਰਾ ਇਕ ਪ੍ਰਧਾਨ ਮੰਤਰੀ ਵਾਲਾ ਨਹੀਂ''

ਏਜੰਸੀ

ਖ਼ਬਰਾਂ, ਰਾਸ਼ਟਰੀ

'ਸਾਨੂੰ ਦਬਾਇਆ ਜਾ ਰਿਹੈ ਤੇ ਸੰਸਦ ਵਿਚ ਬੋਲਣ ਨਹੀਂ ਦਿਤਾ ਜਾ ਰਿਹਾ'  

File Photo

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲੋਕ ਸਭਾ ਵਿਚ ਉਨ੍ਹਾਂ ਬਾਰੇ 'ਟਿਊਬਲਾਈਟ' ਸ਼ਬਦ ਵਰਤਣ ਦੇ ਜਵਾਬ ਵਿਚ ਕਿਹਾ ਕਿ ਮੋਦੀ ਪ੍ਰਧਾਨ ਮੰਤਰੀ ਵਾਂਗ ਵਰਤਾਅ ਨਹੀਂ ਕਰਦੇ। ਗਾਂਧੀ ਨੇ ਇਹ ਵੀ ਕਿਹਾ ਕਿ ਉਹ ਪ੍ਰਸ਼ਨ ਕਾਲ ਦੌਰਾਨ ਅਪਣੇ ਸੰਸਦੀ ਖੇਤਰ ਵਾਇਨਾਡ ਵਿਚ ਮੈਡੀਕਲ ਕਾਲਜ ਨਾਲ ਜੁੜਿਆ ਸਵਾਲ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਬੋਲਣ ਨਹੀਂ ਦਿਤਾ ਗਿਆ।

ਉਨ੍ਹਾਂ ਸੰਸਦ ਭਵਨ ਦੇ ਵਿਹੜੇ ਵਿਚ ਪੱਤਰਕਾਰਾਂ ਨੂੰ ਕਿਹਾ, 'ਆਮ ਤੌਰ 'ਤੇ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਦਰਜਾ ਹੁੰਦਾ ਹੈ, ਇਕ ਪ੍ਰਧਾਨ ਮੰਤਰੀ ਖ਼ਾਸ ਤਰੀਕੇ ਨਾਲ ਵਿਹਾਰ ਕਰਦਾ ਹੈ, ਉਨ੍ਹਾਂ ਦਾ ਵਿਸ਼ੇਸ਼ ਕਦ ਹੁੰਦਾ ਹੈ ਪਰ ਸਾਡੇ ਪ੍ਰਧਾਨ ਮੰਤਰੀ ਵਿਚ ਇਹ ਚੀਜ਼ਾਂ ਨਹੀਂ ਹਨ। ਉਹ ਪ੍ਰਧਾਨ ਮੰਤਰੀ ਜਿਹਾ ਵਰਤਾਅ ਨਹੀਂ ਕਰਦੇ।'

ਸਿਹਤ ਮੰਤਰੀ ਹਰਸ਼ਵਰਧਨ ਦੁਆਰਾ ਖ਼ੁਦ 'ਤੇ ਹਮਲਾ ਕੀਤੇ ਜਾਣ ਦੇ ਬਿਆਨ ਸਬੰਧੀ ਗਾਂਧੀ ਨੇ ਕਿਹਾ, 'ਵਾਇਨਾਡ ਦਾ ਮੁੱਦਾ ਸੀ, ਮੈਡੀਕਲ ਕਾਲਜ ਦਾ ਮੁੱਦਾ ਸੀ। ਉਥੋਂ ਦੇ ਲੋਕਾਂ ਨੂੰ ਮੁਸ਼ਕਲ ਹੋ ਰਹੀ ਹੈ, ਮੈਂ ਚੁਕਣਾ ਚਾਹੁੰਦਾ ਸੀ। ਆਮ ਤੌਰ 'ਤੇ ਪ੍ਰਸ਼ਨ ਕਾਲ ਵਿਚ ਸਵਾਲ ਦਾ ਜਵਾਬ ਦਿਤਾ ਜਾਂਦਾ ਹੈ ਪਰ ਸ਼ਾਇਦ ਸਿਹਤ ਮੰਤਰੀ ਨੂੰ ਕਿਸੇ ਹੋਰ ਨੇ ਦਸਿਆ ਹੋਵੇਗਾ, ਨਿਰਦੇਸ਼ ਦਿਤਾ ਹੋਵੇਗਾ। ਉਹ ਅਪਣੇ ਆਪ ਇਹ ਨਹੀਂ ਕਰਦੇ।'

ਉਨ੍ਹਾਂ ਕਿਹਾ, 'ਸਾਨੂੰ ਦਬਾਇਆ ਜਾ ਰਿਹਾ ਹੈ ਅਤੇ ਸੰਸਦ ਵਿਚ ਬੋਲਣ ਦੀ ਆਗਿਆ ਨਹੀਂ ਦਿਤੀ ਜਾ ਰਹੀ।' ਗਾਂਧੀ ਨੇ ਕਿਹਾ, 'ਜਿਹੜੇ ਇਸ ਦੇਸ਼ ਦੇ ਨੌਜਵਾਨ ਹਨ, ਉਹ ਰੁਜ਼ਗਾਰ ਚਾਹੁੰਦੇ ਹਨ। ਪ੍ਰਧਾਨ ਮੰਤਰੀ ਉਨ੍ਹਾਂ ਨੂੰ ਜਵਾਬ ਨਹੀਂ ਦੇ ਸਕਦੇ, ਇਸ ਲਈ ਅੱਜ ਤੁਸੀਂ ਇਹ ਡਰਾਮਾ ਵੇਖਿਆ।' ਸਦਨ ਵਿਚ ਹੰਗਾਮੇ ਦਾ ਜ਼ਿਕਰ ਕਰਦਿਆਂ ਗਾਂਧੀ ਨੇ ਕਿਹਾ, 'ਟੈਲੀਵਿਜ਼ਨ ਦਾ ਕੈਮਰਾ ਹੈ, ਵੀਡੀਉ ਵੇਖ ਲਉ। ਮਣੀਕਰਮ ਟੈਗੋਰ ਨੇ ਕਿਸੇ 'ਤੇ ਹਮਲਾ ਨਹੀਂ ਕੀਤਾ, ਉਲਟਾ ਉਨ੍ਹਾਂ 'ਤੇ ਹਮਲਾ ਹੋਇਆ।'