ਜਿੱਥੇ ਪੁੱਜਣਾ ਵੀ ਮੁਸ਼ਕਲ ਸੀ, ਉੱਥੇ 53 ਹਜ਼ਾਰ ਔਰਤਾਂ ਦਾ ਕੀਤਾ ਇਲਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਹਾਦਰਗੜ੍ਹ : ਡਾਕਟਰ ਰੱਬ ਦਾ ਰੂਪ ਹੁੰਦਾ ਹੈ, ਇਹ ਗੱਲ ਕਈ ਵਾਰ ਸੁਣੀ ਹੋਵੇਗੀ। ਅਜਿਹੀਆਂ 53,889 ਔਰਤਾਂ ਲਈ ਰੱਬ ਦਾ ਰੂਪ ਬਣੀ ਹੈ ਡਾ. ਅਨੀਤਾ। ਹਰਿਆਣਾ...

Dr. Anita

ਬਹਾਦਰਗੜ੍ਹ : ਡਾਕਟਰ ਰੱਬ ਦਾ ਰੂਪ ਹੁੰਦਾ ਹੈ, ਇਹ ਗੱਲ ਕਈ ਵਾਰ ਸੁਣੀ ਹੋਵੇਗੀ। ਅਜਿਹੀਆਂ 53,889 ਔਰਤਾਂ ਲਈ ਰੱਬ ਦਾ ਰੂਪ ਬਣੀ ਹੈ ਡਾ. ਅਨੀਤਾ। ਹਰਿਆਣਾ ਦੇ ਬਹਾਦੁਰਗੜ੍ਹ ਦੇ ਪਿੰਡ ਖਰਹਰ ਦੀ ਰਹਿਣ ਵਾਲੀ ਅਨੀਤਾ ਭਾਰਦਵਾਜ ਨੇ ਪਹਾੜੀ ਇਲਾਕਿਆਂ 'ਚ ਮਰੀਜ਼ਾਂ ਦਾ ਇਲਾਜ ਕਰ ਕੇ ਮਰਦਾਂ ਨੂੰ ਵੀ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ। ਡਾ. ਅਨੀਤਾ ਹੁਣ ਤਕ ਪਹਾੜੀ ਖੇਤਰਾਂ 'ਚ 53,889 ਔਰਤਾਂ ਨੂੰ ਸਿਹਤ ਸਹੂਲਤਾਂ ਉਪਲੱਬਧ ਕਰਵਾ ਚੁੱਕੀ ਹੈ। ਉਥੇ ਹੀ ਕੈਲਾਸ਼ ਮਾਨਸਰੋਵਰ ਦੀ ਯਾਤਰਾ 'ਤੇ ਵੀ ਡਾ. ਅਨੀਤਾ ਤੇ ਉਨ੍ਹਾਂ ਦੀ ਟੀਮ 750 ਲੋਕਾਂ ਦੀ ਜਾਨ ਬਚਾ ਚੁੱਕੀ ਹੈ।

ਇਸ ਤੋਂ ਇਲਾਵਾ 2015 'ਚ ਨੇਪਾਲ ਵਿੱਚ ਆਏ ਭਿਆਨਕ ਭੂਚਾਲ ਮਗਰੋਂ ਗੋਰਖਾ ਜ਼ਿਲ੍ਹੇ 'ਚ ਡਾ. ਅਨੀਤਾ ਨੇ ਸੱਭ ਤੋਂ ਪਹਿਲਾਂ ਪਹੁੰਚ ਕੇ 1700 ਪੀੜਤਾਂ ਦੀ ਮਦਦ ਕੀਤੀ ਸੀ। ਇਸ ਤੋਂ ਇਲਾਵਾ 2014 'ਚ ਸ੍ਰੀ ਅਮਰਨਾਥ ਯਾਤਰਾ ਦੌਰਾਨ 11,290 ਸ਼ਰਧਾਲੂਆਂ ਨੂੰ ਸਿਹਤ ਸੇਵਾਵਾਂ ਦੇ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਸੀ। ਸਾਲ 2018 ਨੂੰ ਡਾ. ਅਨੀਤਾ ਨੂੰ ਨਾਰੀ ਸ਼ਕਤੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਡਾ. ਅਨੀਤਾ ਮੁਤਾਬਕ, "ਇਕ ਔਰਤ ਜੋ ਆਪਣੇ ਪਰਵਾਰ ਅਤੇ ਦਫ਼ਤਰੀ ਕੰਮਾਂ ਦੋਹਾਂ ਨੂੰ ਇਕੱਠੇ ਸੰਭਾਲਦੀ ਹੈ, ਮੇਰੀ ਨਜ਼ਰ 'ਚ ਸਫ਼ਲ ਔਰਤ ਹੈ।"

ਡਾ. ਅਨੀਤਾ ਭਾਰਦਾਵ ਨੇ ਮਾਊਂਟੇਨ ਮੈਡੀਕਲ 'ਚ ਡਿਗਰੀ ਹਾਸਲ ਕੀਤੀ ਹੈ।