ਸੱਤਾ ਵਿਚ ਆਏ ਤਾਂ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਾਵਾਂਗੇ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੈਪੁਰ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਾਅਦਾ ਕੀਤਾ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਸੰਸਦ ਵਿਚ ਮਹਿਲਾ ਰਾਖਵਾਂਕਰਨ...

Rahul Gandhi

ਜੈਪੁਰ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਾਅਦਾ ਕੀਤਾ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਸੰਸਦ ਵਿਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਾਉਣ ਦਾ ਯਤਨ ਕਰੇਗੀ ਅਤੇ ਔਰਤਾਂ ਵਿਰੁਧ ਜ਼ੁਲਮ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਜਾਵੇਗੀ। ਗਾਂਧੀ ਨੇ ਕਿਹਾ ਕਿ ਚਾਹੇ ਇੰਜਨੀਅਰਿੰਗ ਦਾ ਖੇਤਰ ਹੋਵੇ ਜਾਂ ਇਲਾਜ ਜਾਂ ਕੋਈ ਹੋਰ, ਸਾਰੀਆਂ ਕੁੜੀਆਂ ਨੂੰ ਮੁਫ਼ਤ ਸਿਖਿਆ ਦਿਤੀ ਜਾਵੇਗੀ।

ਉੜੀਸਾ ਦੇ ਕੋਰਾਪੁਟ ਜ਼ਿਲ੍ਹੇ ਦੇ ਜੈਪੁਰ ਕਸਬੇ ਵਿਚ ਸਮਾਗਮ ਦੌਰਾਨ ਉਨ੍ਹਾਂ ਔਰਤਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਔਰਤਾਂ ਦੇ ਸਸ਼ਕਤੀਕਰਨ ਨੂੰ ਯਕੀਨੀ ਕਰਨ ਲਈ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿਚ ਔਰਤਾਂ ਨੂੰ ਰਾਖਵਾਂਕਰਨ ਦੇਣ ਦੀ ਲੋੜ ਹੈ। ਕਾਂਗਰਸ ਇਸ ਨੂੰ ਯਕੀਨੀ ਕਰਨ ਦੀ ਚਾਹਵਾਨ ਹੈ।' ਪੰਚਾਇਤਾਂ ਵਿਚ ਔਰਤਾਂ ਲਈ ਰਾਖਵਾਂਕਰਨ ਹੋਣ ਨਾਲ ਚੋਖੇ ਲਾਭ ਮਿਲਣ ਦੀ ਗੱਲ ਕਰਦਿਆਂ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਉੜੀਸਾ ਜਿਹੇ ਰਾਜਾਂ ਵਿਚ ਮਹਿਲਾ ਮੰਤਰੀਆਂ ਦੀ ਗਿਣਤੀ ਬਹੁਤ ਘੱਟ ਹੈ। 

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਗਾਂਧੀ ਨੇ ਕਿਹਾ, 'ਅਸੀਂ ਔਰਤਾਂ ਵਿਰੁਧ ਜ਼ੁਲਮ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ। ਸਾਰੀਆਂ ਔਰਤਾਂ ਖ਼ਾਸਕਰ ਆਦਿਵਾਸੀ, ਦਲਿਤ ਅਤੇ ਹੋਰਾਂ ਨੂੰ ਬਿਲਕੁਲ ਮੁਫ਼ਤ ਸਿਖਿਆ ਦਿਤੀ ਜਾਵੇਗੀ ਤਾਕਿ ਉਹ ਮਜ਼ਬੂਤ ਹੋ ਸਕਣ।' ਉਨ੍ਹਾਂ ਕਿਹਾ ਕਿ ਔਰਤਾਂ ਨਾਲ ਬਲਾਤਕਾਰ ਅਤੇ ਅਤਿਆਚਾਰ ਜਿਹੇ ਮਾਮਲਿਆਂ ਵਿਚ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀਆਂ ਨੂੰ ਅਪਣਾ ਨਜ਼ਰੀਆ ਸਪੱਸ਼ਟ ਰਖਣਾ ਚਾਹੀਦਾ ਹੈ। (ਏਜੰਸੀ)