ਮਹਿਲਾ ਸ਼ਕਤੀਕਰਨ ਦੀ ਮਿਸਾਲ ਬਣ ਰਹੀ 'ਸਨੇਕ ਲੇਡੀ' ਨਿਰਜਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ 12 ਸਾਲਾਂ ਤੋਂ ਫੜਦੀ ਆ ਰਹੀ ਹੈ ਖ਼ਤਰਨਾਕ ਸੱਪ

Nirzara chitti

ਨਵੀਂ ਦਿੱਲੀ: ਅੱਜ ਵਿਸ਼ਵ ਭਰ ਵਿਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅਜਿਹੀਆਂ ਔਰਤਾਂ ਦੀ ਗੱਲ ਕੀਤੀ ਜਾਂਦੀ ਹੈ ਜੋ ਦਲੇਰੀ ਅਤੇ ਹੌਂਸਲੇ ਦੀ ਮਿਸਾਲ ਹਨ। ਅਜਿਹੀ ਹੀ ਦਲੇਰੀ ਦੀ ਮਿਸਾਲ ਬਣੀ ਹੋਈ ਹੈ ਕਰਨਾਟਕ ਦੀ ਰਹਿਣ ਵਾਲੀ ਨਿਰਜਰਾ ਚਿੱਟੀ। ਜੀ ਹਾਂ ਇਹ ਉਹੀ ਨਿਰਜਰਾ ਚਿੱਟੀ ਹੈ, ਜਿਸ ਦੇ ਖ਼ਤਰਨਾਕ ਕਾਰਨਾਮਿਆਂ ਦੇ ਵੀਡੀਓਜ਼ ਤੁਸੀਂ ਆਮ ਹੀ ਦੇਖੇ ਹੋਣਗੇ।

ਪਿਛਲੇ 12 ਸਾਲਾਂ ਤੋਂ ਨਿਰਜਰਾ ਕਰਨਾਟਕ ਦੇ ਬੇਲਗਾਵੀ ਵਿਚ ਇਕ ਅਜਿਹਾ  ਕੰਮ ਕਰਦੀ ਆ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ, ਨਿਰਜਰਾ ਤੇਜ਼ੀ ਨਾਲ ਰੇਂਗਦੇ ਹੋਏ ਸੱਪ ਨੂੰ ਬਿਜਲੀ ਦੀ ਤੇਜ਼ੀ ਨਾਲ ਦੌੜ ਕੇ ਫੜ ਲੈਂਦੀ ਹੈ। ਇਸ ਦੌਰਾਨ ਉਸ ਦੇ ਚਿਹਰੇ 'ਤੇ ਨਾ ਕੋਈ ਡਰ ਹੁੰਦਾ ਹੈ ਅਤੇ ਨਾ ਹੀ ਕੋਈ ਝਿਜਕ।

ਹਾਂ ਦੇਖਣ ਵਾਲਿਆਂ ਦੇ ਮੂੰਹ ਜ਼ਰੂਰ ਅੱਡੇ ਰਹਿ ਜਾਂਦੇ ਹਨ। ਨਿਰਜਰਾ ਨੇ ਸੱਪ ਫੜਨ ਦੀ ਟ੍ਰੇਨਿੰਗ ਅਪਣੇ ਪਤੀ ਤੋਂ ਹਾਸਲ ਕੀਤੀ ਐ। ਪੰਜ ਸਾਲਾਂ ਦੀ ਸਿਖ਼ਲਾਈ ਮਗਰੋਂ ਉਸ ਦਾ ਡਰ ਖ਼ਤਮ ਹੋ ਗਿਆ ਅਤੇ ਅੱਜ ਉਹ ਇੰਨੀ ਪ੍ਰਪੱਕ ਹੋ ਚੁੱਕੀ ਹੈ ਕਿ ਇਕੱਲੇ ਹੀ ਨਿਕਲ ਪੈਂਦੀ ਹੈ ਲੋਕਾਂ ਨੂੰ ਖ਼ਤਰਨਾਕ ਸੱਪਾਂ ਤੋਂ ਬਚਾਉਣ ਲਈ।

ਨਿਰਜਰਾ ਮੁਤਾਬਕ ਹਾਲੇ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਅਪਣੇ ਪਤੀ ਨਾਲ ਮਿਲ ਕੇ 12 ਸੱਪ ਫੜੇ ਸਨ। ਭਾਵੇਂ ਕਿ ਨਿਰਜਰਾ ਨੂੰ ਇਹ ਕੰਮ ਕਰਦੇ ਹੋਏ ਲੰਬਾ ਸਮਾਂ ਹੋ ਚੁੱਕਿਆ ਹੈ ਪਰ ਅਜੇ ਵੀ ਬਹੁਤ ਸਾਰੇ ਲੋਕਾਂ ਦਾ ਔਰਤਾਂ ਪ੍ਰਤੀ ਨਜ਼ਰੀਆ ਨਹੀਂ ਬਦਲਿਆ, ਔਰਤਾਂ ਜਦੋਂ ਵੀ ਕੁੱਝ ਵੱਖਰਾ ਕਰਦੀਆਂ ਹਨ ਜਾਂ ਕੋਈ ਰਿਸਕ ਵਾਲਾ ਕੰਮ ਕਰਦੀਆਂ ਹਨ ਤਾਂ ਲੋਕ ਕਹਿੰਦੇ ਹਨ ਕਿ ਤੁਹਾਡੇ ਵੱਸ ਦੀ ਗੱਲ ਨਹੀਂ ਪਰ ਇਹ ਸਭ ਤਾਅਨੇ ਨਿਰਜਰਾ ਦੇ ਹੌਂਸਲਿਆਂ ਨੂੰ ਪਸਤ ਨਹੀਂ ਕਰ ਸਕੇ।

ਨਿਰਜਰਾ ਦਾ ਕਹਿਣਾ ਹੈ ਕਿ ਜੇਕਰ ਕੋਈ ਲੜਕੀ ਅਪਣੇ ਪਰਿਵਾਰ ਨੂੰ ਅਪਣੇ ਸੁਪਨੇ ਦੱਸਦੀ ਹੈ ਤਾਂ ਘਰ ਵਾਲਿਆਂ ਨੂੰ ਉਸ ਦਾ ਪੂਰਾ ਸਮਰਥਨ ਕਰਨਾ ਚਾਹੀਦਾ ਹੈ। ਨਿਰਜਰਾ ਅੱਜ ਦੀਆਂ ਔਰਤਾਂ ਲਈ ਇਕ ਮਿਸਾਲ ਹੈ, ਉਸ ਦੀ ਕਹਾਣੀ ਸਾਬਤ ਕਰਦੀ ਹੈ ਕਿ ਜੇਕਰ ਹੌਂਸਲੇ ਮਜਬੂਤ ਹੋਣ ਤਾਂ ਇਨਸਾਨ ਅਪਣੇ ਦਿਲ ਦੀ ਸੁਣ ਕੇ ਅਪਣੇ ਸੁਪਨੇ ਨੂੰ ਸਾਕਾਰ ਕਰ ਸਕਦਾ ਹੈ। ਫਿਰ ਸਮਾਜਿਕ ਬੇੜੀਆਂ ਵੀ ਉਸ ਦੇ ਕਦਮਾਂ ਨੂੰ ਨਹੀਂ ਰੋਕ ਸਕਦੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।