ਯੈੱਸ ਬੈਂਕ ਦੇ ਬਾਨੀ ਦੁਆਰਾ ਪ੍ਰਿਯੰਕਾ ਗਾਂਧੀ ਤੋਂ ਪੇਂਟਿੰਗ ਖ਼ਰੀਦਣ 'ਤੇ ਵਿਵਾਦ!
ਯੈੱਸ ਬੈਂਕ ਮੋਦੀ ਦੀ ਮੌਜੂਦਗੀ ਵਾਲੇ ਕਈ ਪ੍ਰੋਗਰਾਮਾਂ ਦਾ ਪ੍ਰਬੰਧਕ ਰਿਹਾ : ਕਾਂਗਰਸ
ਨਵੀਂ ਦਿੱਲੀ : ਯੈੱਸ ਬੈਂਕ ਦੇ ਬਾਨੀ ਦੁਆਰਾ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਕੋਲੋਂ ਮਹਿੰਗੀ ਪੇਂਟਿੰਗ ਖ਼ਰੀਦਣ 'ਤੇ ਸਿਆਸੀ ਵਿਵਾਦ ਪੈਦਾ ਹੋ ਗਿਆ ਹੈ। ਦੋਹਾਂ ਪਾਰਟੀਆਂ ਦੇ ਆਗੂ ਇਕ ਦੂਜੇ 'ਤੇ ਦੋਸ਼ ਲਾ ਰਹੇ ਹਨ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਯ ਨੇ ਦੋਸ਼ ਲਾਇਆ ਕਿ ਯੈੱਸ ਬੈਂਕ ਦੇ ਬਾਨੀ ਰਾਣਾ ਕਪੂਰ ਨੇ ਕੁੱਝ ਸਾਲ ਪਹਿਲਾਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਕੋਲੋਂ ਐਫ਼ ਐਫ਼ ਹੁਸੈਨ ਦੀ ਪੇਂਟਿੰਗ ਖ਼ਰੀਦੀ ਸੀ।
ਇਸ ਦੋਸ਼ ਦਾ ਜਵਾਬ ਦਿੰਦਿਆਂ ਵਿਰੋਧੀ ਪਾਰਟੀ ਨੇ ਦਾਅਵਾ ਕੀਤਾ ਕਿ ਸੰਕਟ ਵਿਚ ਘਿਰਿਆ ਇਹ ਬੈਂਕ ਅਤੀਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਾਲੇ ਕਈ ਪ੍ਰੋਗਰਾਮਾਂ ਦਾ ਪ੍ਰਬੰਧਕ ਰਿਹਾ ਹੈ। ਕਾਂਗਰਸ ਬੁਲਾਰੇ ਅਭਿਸ਼ੇਕ ਮਨੂੰ ਸਿੰਘਵੀ ਨੇ ਇਹ ਵੀ ਕਿਹਾ ਕਿ ਪ੍ਰਿਯੰਕਾ ਨੇ ਰਾਜੀਵ ਗਾਂਧੀ ਦੇ ਚਿੱਤਰ ਵਾਲੀ ਹੁਸੈਨ ਦੀ ਜਿਹੜੀ ਪੇਂਟਿੰਗ ਵੇਚੀ ਸੀ, ਉਸ ਦਾ ਭੁਗਤਾਨ ਚੈਕ ਨਾਲ ਹੋਇਆ ਸੀ ਅਤੇ ਇਸ 'ਤੇ ਆਮਦਨ ਟੈਕਸ ਵੀ ਦਿਤਾ ਗਿਆ ਸੀ।
ਦਰਅਸਲ, ਮਾਲਵੀਯ ਨੇ ਮੀਡੀਆ ਰੀਪੋਰਟ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ, 'ਭਾਰਤ ਵਿਚ ਹਰ ਵਿੱਤੀ ਅਪਰਾਧ ਦਾ ਗਾਂਧੀ ਪਰਵਾਰ ਨਾਲ ਸਬੰਧ ਹੁੰਦਾ ਹੈ। ਮਾਲਿਯਾ ਸੋਨੀਆ ਗਾਂਧੀ ਨੂੰ ਫ਼ਲਾਈਟ ਅਪਗ੍ਰੇਡ ਟਿਕਟ ਭੇਜਦਾ ਸੀ। ਉਸ ਦੀ ਡਾ. ਮਨਮੋਹਨ ਸਿੰਘ ਅਤੇ ਪੀ ਚਿਦੰਬਰਮ ਤਕ ਪਹੁੰਚ ਸੀ। ਹੁਣ ਉਹ ਫ਼ਰਾਰ ਹੈ।'
ਉਨ੍ਹਾਂ ਦਾਅਵਾ ਕੀਤਾ, 'ਰਾਹੁਲ ਗਾਂਧੀ ਨੇ ਨੀਰਵ ਮੋਦੀ ਦੇ ਜਿਊਲਰੀ ਕੁਲੈਕਸ਼ਨ ਦਾ ਉਦਘਾਟਨ ਕੀਤਾ ਸੀ। ਰਾਣਾ ਕਪੂਰ ਨੇ ਪ੍ਰਿਯੰਕਾ ਗਾਂਧੀ ਤੋਂ ਪੇਂਟਿੰਗ ਖ਼ਰੀਦੀ ਸੀ।' ਕਾਂਗਰਸ ਬੁਲਾਰੇ ਸਿੰਘਵੀ ਨੇ ਕਿਹਾ, 'ਰਾਜੀਵ ਗਾਂਧੀ ਦਾ ਚਿੱਤਰ ਸੀ ਜਿਸ ਨੂੰ ਐਮ ਐਫ਼ ਹੁਸੈਨ ਨੇ ਬਣਾਇਆ ਸੀ। ਇਸ ਨੂੰ ਦੋ ਕਰੋੜ ਰੁਪਏ ਵਿਚ ਵੇਚਿਆ ਗਿਆ।
ਇਹ ਕਿਉਂ ਨਹੀਂ ਦਸਿਆ ਗਿਆ ਕਿ ਇਸ ਰਕਮ ਦਾ ਭੁਗਤਾਨ ਚੈਕ ਨਾਲ ਹੋਇਆ ਸੀ ਅਤੇ ਉਸ ਨੂੰ ਆਮਦਨ ਕਰ ਫ਼ਾਈਲ ਕਰਨ ਵਿਚ ਦਰਸਾਇਆ ਗਿਆ ਸੀ।' ਉਨ੍ਹਾਂ ਦਾਅਵਾ ਕੀਤਾ, 'ਰਾਣਾ ਕਪੂਰ ਅਤੇ ਯੈਸ ਬੈਂਕ ਨੇ ਪ੍ਰਧਾਨ ਮੰਤਰੀ ਦੇ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਸੀ। ਪ੍ਰਧਾਨ ਮੰਤਰੀ ਨੇ ਕਈ ਵਾਰ ਰਾਣਾ ਕਪੂਰ ਦੀ ਤਾਰੀਫ਼ ਕੀਤੀ ਅਤੇ ਉਸ ਦੇ ਸੱਦੇ 'ਤੇ ਗਏ। ਇਸ ਦਾ ਪੂਰਾ ਵੇਰਵਾ ਜਾਰੀ ਨਹੀਂ ਕੀਤਾ ਜਾ ਰਿਹਾ। ਇਸ ਤਰ੍ਹਾਂ ਦੀ ਬਕਵਾਸ ਰਾਜਨੀਤੀ ਨਾਲ ਤੁਸੀਂ ਮਾਲਵੀਯ ਅਤੇ ਅਪਣੀ ਪਾਰਟੀ ਦਾ ਮਜ਼ਾਕ ਬਣਾ ਰਹੇ ਹੋ।'