150 ਵਿਗਿਆਨੀਆਂ ਨੇ ਵੋਟਰਾਂ ਨੂੰ ਨਫ਼ਰਤ ਦੀ ਸਿਆਸਤ ਕਰਨ ਵਾਲਿਆਂ ਵਿਰੁੱਧ ਵੋਟ ਪਾਉਣ ਦੀ ਅਪੀਲ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

100 ਤੋਂ ਵੱਧ ਫ਼ਿਲਮਕਾਰਾਂ ਅਤੇ 200 ਤੋਂ ਵੱਧ ਲੇਖਕਾਂ ਨੇ ਵੀ ਨਫ਼ਰਤ ਦੀ ਰਾਜਨੀਤੀ ਕਰਨ ਵਾਲਿਆਂ ਵਿਰੁੱਧ ਵੋਟਿੰਗ ਦੀ ਅਪੀਲ ਕੀਤੀ ਸੀ

Scientists - File photo

ਨਵੀਂ ਦਿੱਲੀ : ਦੇਸ਼ ਦੇ 150 ਤੋਂ ਵੱਧ ਵਿਗਿਆਨੀਆਂ ਨੇ ਮਾਬ ਲਿੰਚਿੰਗ (ਭੀੜ ਵੱਲੋਂ ਹੱਤਿਆ) ਨਾਲ ਸਬੰਧਤ ਲੋਕਾਂ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਪੱਖਪਾਤ, ਨਫ਼ਰਤ, ਹਿੰਸਾ ਅਤੇ ਡਰ ਦਾ ਮਾਹੌਲ ਪੈਦਾ ਕਰਨ ਵਾਲਿਆਂ ਵਿਰੁੱਧ ਵੋਟ ਪਾਉਣ ਲਈ ਕਿਹਾ ਹੈ। ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਨ੍ਹਾਂ 'ਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੁਕੇਸ਼ਨ ਐਂਡ ਰਿਸਰਚ (ਆਈ.ਆਈ.ਐਸ.ਈ.ਆਰ.), ਇੰਡੀਅਨ ਸਟੈਟਿਕਲ ਇੰਸਟੀਚਿਊਟ (ਆਈ.ਐਸ.ਆਈ.), ਅਸ਼ੋਕਾ ਯੂਨੀਵਰਸਿਟੀ ਅਤੇ ਭਾਰਤੀ ਤਕਨੀਕੀ ਸੰਸਥਾਨ (ਆਈ.ਆਈ.ਟੀ.) ਦੇ ਵਿਗਿਆਨੀ ਸ਼ਾਮਲ ਹਨ।

ਉਨ੍ਹਾਂ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ, "ਸਾਨੂੰ ਅਜਿਹੇ ਲੋਕਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਜੋ ਲੋਕਾਂ ਨੂੰ ਮਾਰਨ ਲਈ ਉਕਸਾਉਂਦੇ ਹਨ ਜਾਂ ਉਨ੍ਹਾਂ 'ਤੇ ਹਮਲਾ ਕਰਦੇ ਹਨ। ਜਿਹੜੇ ਲੋਕ ਧਰਮ, ਜਾਤ, ਲਿੰਗ, ਭਾਸ਼ਾ ਜਾਂ ਖੇਤਰ ਵਿਸ਼ੇਸ਼ ਦੇ ਆਧਾਰ 'ਤੇ ਭੇਦਭਾਵ ਕਰਦੇ ਹਨ।" ਉਨ੍ਹਾਂ ਇਹ ਵੀ ਦੱਸਿਆ ਕਿ ਮੌਜੂਦਾ ਹਾਲਾਤ 'ਚ ਵਿਗਿਆਨੀ, ਕਾਰਕੁੰਨ ਅਤੇ ਤਰਕਵਾਦੀ ਲੋਕ ਘਬਰਾਏ ਹੋਏ ਹਨ। ਅਸਹਿਮਤੀ ਰੱਖਣ ਵਾਲੇ ਲੋਕਾਂ ਨਾਲ ਗਲਤ ਵਿਵਹਾਰ ਕਰਨਾ, ਜੇਲ 'ਚ ਬੰਦ ਕਰਨਾ, ਹੱਤਿਆ ਕਰ ਦੇਣ ਜਿਹੀ ਘਟਨਾਵਾਂ ਹੋ ਰਹੀਆਂ ਹਨ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਮਾਹੌਲ ਨੂੰ ਖ਼ਤਮ ਕਰਨ ਲਈ ਸੋਚ-ਸਮਝ ਕੇ ਆਪਣੇ ਵੋਟਿੰਗ ਅਧਿਕਾਰ ਦੀ ਵਰਤੋਂ ਕਰੋ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 100 ਤੋਂ ਵੱਧ ਫ਼ਿਲਮਕਾਰਾਂ ਅਤੇ 200 ਤੋਂ ਵੱਧ ਲੇਖਕਾਂ ਨੇ ਵੀ ਦੇਸ਼ 'ਚ ਨਫ਼ਰਤ ਦੀ ਰਾਜਨੀਤੀ ਵਿਰੁੱਧ ਵੋਟਿੰਗ ਕਰਨ ਦੀ ਅਪੀਲ ਕੀਤੀ ਸੀ। ਇਨ੍ਹਾਂ ਲੇਖਕਾਂ 'ਚ ਗਿਰੀਸ਼ ਕਰਨਾਡ, ਅਰੁੰਧਤੀ ਰਾਏ, ਅਮਿਤਾਵ ਘੋਸ਼, ਨਯਨਤਾਰਾ ਸਹਿਗਲ, ਟੀ.ਐਮ. ਕ੍ਰਿਸ਼ਣਾ, ਵਿਵੇਕ ਸ਼ਾਨਭਾਗ, ਜੀਤ ਥਾਏਲ, ਕੇ. ਸਚਿਦਾਨੰਦਨ ਅਤੇ ਰੋਮਿਲਾ ਥਾਪਰ ਹਨ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਲੇਖਕਾਂ, ਕਲਾਕਾਰਾਂ, ਫ਼ਿਲਮਕਾਰਾਂ, ਸੰਗੀਤਕਾਰਾਂ ਅਤੇ ਹੋਰ ਸੱਭਿਆਚਾਰਕ ਕਲਾਕਾਰਾਂ ਨੂੰ ਧਮਕਾਇਆ ਜਾਂਦਾ ਹੈ। ਉਨ੍ਹਾਂ 'ਤੇ ਹਮਲੇ ਕੀਤੇ ਜਾਂਦੇ ਹਨ ਅਤੇ ਉਨ੍ਹਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹਨ।