ਚੋਣ ਮਨੋਰਥ ਪੱਤਰ ਜਾਰੀ ਕਰਨ ਤੋਂ ਪਹਿਲਾਂ ਸੀਨੀਅਰ ਨੇਤਾਵਾਂ ਨੂੰ ਮਨਾਉਣ ਦੀ ਕਵਾਇਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਰਟੀ ਦੇ ਸੀਨੀਅਰ ਨੇਤਾ ਕਿਉਂ ਹਨ ਨਰਾਜ਼

BJP president Amit Shah will meet Lal Krishan Advani and Murli manohar Joshi today

ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਬੀਜੇਪੀ ਨੇ ਅਪਣੇ ਬਜ਼ੁਰਗ ਨੇਤਾਵਾਂ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਬੀਜੇਪੀ ਪ੍ਰਧਾਨ ਅਮਿਤ ਸ਼ਾਹ ਪਾਰਟੀ ਦੇ ਚੁਨਾਵੀ ਮਨੋਰਥ ਪੱਤਰ ਜਾਰੀ ਕਰਨ ਤੋਂ ਪਹਿਲਾਂ ਅੱਜ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਣੀ ਅਤੇ ਮੁਰਲੀ ਮਨੋਹਰ ਜੋਸ਼ੀ ਨਾਲ ਉਹਨਾਂ ਦੇ ਘਰ ਜਾ ਕੇ ਮੁਲਾਕਾਤ ਕਰਨਗੇ। ਦੱਸ ਦਈਏ ਕਿ ਪਿਛਲੇ ਹਫਤੇ ਹੀ ਬੀਜੇਪੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਣੀ ਨੇ ਬਲਾਗ ਲਿਖ ਕੇ ਬੀਜੇਪੀ ਦੇ ਤੌਰ ਤਰੀਕਿਆਂ ’ਤੇ ਸਵਾਲ ਉਠਾਏ ਸਨ। ਲਾਲ ਕ੍ਰਿਸ਼ਣ ਅਡਵਾਣੀ ਨੇ ਕਿਹਾ ਕਿ ਬੀਜੇਪੀ ਨੇ ਸ਼ੁਰੂ ਤੋਂ ਹੀ ਰਾਜਨੀਤਿਕ ਵਿਰੋਧੀਆਂ ਨੂੰ ਦੁਸ਼ਮਣ ਨਹੀਂ ਮੰਨਿਆ।

ਜਿਹੜੇ ਸਾਡੇ ਨਾਲ ਰਾਜਨੀਤਿਕ ਤੌਰ ’ਤੇ ਸਹਿਮਤ ਨਹੀਂ ਹਨ ਉਹਨਾਂ ਨੂੰ ਦੇਸ਼ ਵਿਰੋਧੀ ਨਹੀਂ ਕਿਹਾ। ਉਹਨਾਂ ਲਿਖਿਆ ਕਿ ਪਾਰਟੀ ਨਾਗਰਿਕਾਂ ਦੇ ਵਿਅਕਤੀਗਤ ਅਤੇ ਰਾਜਨੀਤੀ ਪਸੰਦ ਦੀ ਸੁਤੰਤਰਤਾ ਦੇ ਪੱਖ ਵਿਚ ਰਹੀ ਹੈ। ਲਾਲ ਕ੍ਰਿਸ਼ਣ ਅਡਵਾਣੀ ਨੇ ਅਪਣੇ ਬਲਾਗ ਵਿਚ ਬੀਜੇਪੀ ਦੇ ਮੌਜੂਦਾ ਤੌਰ ਤਰੀਕਿਆਂ ’ਤੇ ਦੱਬੇ ਲਫ਼ਜ਼ਾਂ ਵਿਚ ਪਰ ਸਾਫ਼-ਸਾਫ਼ ਸਵਾਲ ਉਠਾਏ ਹਨ।

ਰਾਸ਼ਟਰ ਸਭ ਤੋਂ ਪਹਿਲਾਂ, ਫਿਰ ਦਲ ਅਤੇ ਅੰਤ ਵਿਚ ਮੈਂ ਦੇ ਸਿਰਲੇਖ ਵਾਲੇ ਇਸ ਬਲਾਗ ਵਿਚ ਅਡਵਾਣੀ ਨੇ 6 ਅਪ੍ਰੈਲ ਦੇ ਬੀਜੇਪੀ ਦੀ ਸਥਾਪਨਾ ਦਿਵਸ ਦਾ ਹਵਾਲਾ ਦਿੰਦੇ ਹੋਏ ਯਾਦ ਦਵਾਇਆ ਕਿ ਉਹ ਭਾਰਤੀ ਜਨਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਥਾਪਕ ਮੈਂਬਰ ਹਨ ਅਤੇ ਲਗਭਗ ਪਿਛਲੇ 70 ਸਾਲ ਤੋਂ ਦੇਸ਼ ਦੀ ਸੇਵਾ ਕਰ ਰਹੇ ਹਨ। ਉਹਨਾਂ ਨੇ ਗਾਂਧੀਨਗਰ ਦੇ ਲੋਕਾਂ ਦਾ ਧੰਨਵਾਦ ਅਦਾ ਕੀਤਾ ਜਿੱਥੋਂ ਉਹ 6 ਵਾਰ ਸਾਂਸਦ ਰਹੇ ਸਨ। ਦੱਸਣਯੋਗ ਹੈ ਕਿ ਬੀਜੇਪੀ ਨੇ ਇਸ ਵਾਰ ਪਾਰਟੀ ਦੇ ਸਭ ਤੋਂ ਸੀਨੀਅਰ ਨੇਤਾਵਾਂ ਵਿਚ ਲਾਲਕ੍ਰਿਸ਼ਣ ਅਡਵਾਣੀ ਅਤੇ ਮੁਰਲੀ ਮਨੋਹਰ ਜੋਸ਼ੀ ਦੀ ਟਿਕਟ ਕੱਟ ਦਿੱਤੀ ਹੈ।

ਇਸ ’ਤੇ ਦੋਵਾਂ ਨੇਤਾਵਾਂ ਨੇ ਨਰਾਜ਼ ਹੋਣ ਦੀਆਂ ਗੱਲਾਂ ਵੀ ਕਹੀਆਂ ਗਈਆਂ। ਅਡਵਾਣੀ ਨੇ ਤਾਂ ਟਿਕਟ ਕੱਟਣ ਦੇ ਮਸਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ, ਪਰ ਮੁਰਲੀ ਮਨੋਹਰ ਜੋਸ਼ੀ ਨੇ ਦੋ ਲਾਈਨਾਂ ਦਾ ਇਕ ਨੋਟ ਜਾਰੀ ਕਰਕੇ ਦੱਸਿਆ ਕਿ ਉਹਨਾਂ ਤੋਂ ਪਾਰਟੀ ਨੇਤਾ ਰਾਮ ਲਾਲ ਨੇ ਚੋਣਾਂ ਲੜਨ ਤੋਂ ਮਨ੍ਹਾਂ ਕਰਵਾਇਆ ਹੈ, ਜਿਸ ਕਰਕੇ ਉਹ ਚੋਣਾਂ ਨਹੀਂ ਲੜ ਰਹੇ। ਅਡਵਾਣੀ ਨੇ ਇਹ ਦੱਸਿਆ ਕਿ ਉਹ ਟਿਕਟ ਕੱਟਣ ਤੋਂ ਨਹੀਂ ਬਲਕਿ ਟਿਕਟ ਕੱਟਣ ਦੇ ਤਰੀਕੇ ਤੋਂ ਨਰਾਜ਼ ਹਨ। ਕਿਉਂਕਿ ਅਜਿਹਾ ਕਰਨ ਸਮੇਂ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਉਸ ਨਾਲ ਸੰਪਰਕ ਵੀ ਨਹੀਂ ਕੀਤਾ।