ਕਮਲਨਾਥ ਦੇ ਟਿਕਾਣਿਆ 'ਤੇ ਛਾਪੇਮਾਰੀ ਕਰਨ 'ਤੇ 18 ਕਰੋੜ ਹੋਏ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਆਰਪੀਐੱਫ ਨਾਲ ਪੁੱਜੀ ਆਮਦਨ ਕਰ ਟੀਮ

General income raids on kamalnath aides

ਭੋਪਾਲ : ਆਮਦਨ ਕਰ ਵਿਭਾਗ ਨੇ ਐਤਵਾਰ ਤੜਕੇ ਮੁੱਖ ਮੰਤਰੀ ਕਮਲਨਾਥ ਦੇ ਕਰੀਬੀ ਰਾਜੇਂਦਰ ਮਿਗਲਾਨੀ ਤੇ ਓਐੱਸਡੀ ਪ੍ਰਵੀਨ ਕੱਕੜ ਦੇ ਭੋਪਾਲ, ਇੰਦੌਰ, ਦਿੱਲੀ ਤੇ ਗੋਆ ਸਥਿਤ 50 ਟਿਕਾਣਿਆਂ 'ਤੇ ਛਾਪੇਮਾਰੀ ਦੀ ਕਾਰਵਾਈ ਕੀਤੀ ਹੈ। ਕਮਲਨਾਥ ਦੇ ਭਣੇਵੇਂ ਰਤੁਲ ਪੁਰੀ ਨੂੰ ਵੀ ਛਾਣਬੀਨ ਦੇ ਘੇਰੇ ਵਿਚ ਲੈਣ ਦੀ ਖ਼ਬਰ ਹੈ। ਭੋਪਾਲ ਦੇ ਪਲੈਟਿਨਮ ਪਲਾਜ਼ਾ ਸਥਿਤ ਇਕ ਫਲੈਟ ਵਿਚੋਂ ਨੌਂ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਬਰਾਮਦ ਹੋਈ ਹੈ।

ਇੰਦੌਰ ਵਿਚ ਨੌਂ ਥਾਵਾਂ 'ਤੇ ਜਾਂਚ ਵਿਚ ਨੌਂ ਕਰੋੜ ਰੁਪਏ ਬਰਾਮਦ ਹੋਣ ਦੀ ਗੱਲ ਕਹੀ ਜਾ ਰਹੀ ਹੈ। ਦਿੱਲੀ ਦੇ ਗ੍ਰੀਨ ਪਾਰਕ ਵਿਚ ਮਿਗਲਾਨੀ ਦੇ ਘਰ ਛਾਣਬੀਨ ਚੱਲ ਰਹੀ ਹੈ, ਇੱਥੋਂ ਵੀ ਨਕਦੀ ਮਿਲਣ ਦੀ ਸੂਚਨਾ ਹੈ। ਹਾਲਾਂਕਿ ਜ਼ਿਆਦਾਤਰ ਰਾਸ਼ੀ ਦਾ ਅੰਕੜਾ ਵਿਭਾਗ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ। ਕੱਕੜ ਦੇ ਕਰੀਬੀ ਪ੍ਰਤੀਕ ਜੋਸ਼ੀ ਤੇ ਅਸ਼ਵਨੀ ਸ਼ਰਮਾ ਦੇ ਭੋਪਾਲ ਸਥਿਤ ਫਲੈਟ ਵਿਚੋਂ ਨਕਦੀ ਸਮੇਤ ਵੱਡੀ ਗਿਣਤੀ ਵਿਚ ਦਸਤਾਵੇਜ਼ ਬਰਾਮਦ ਹੋਏ ਹਨ। ਅਸ਼ਵਿਨ ਸ਼ਰਮਾ ਨੂੰ ਐੱਨਜੀਓ ਦਾ ਸੰਚਾਲਕ ਦੱਸਿਆ ਜਾ ਰਿਹਾ ਹੈ।

ਪ੍ਰਤੀਕ ਜੋਸ਼ੀ ਨੂੰ ਕੱਕੜ ਦਾ ਨਜ਼ਦੀਕੀ ਦੱਸਿਆ ਗਿਆ ਹੈ ਜਿਸ ਦੇ ਟਿਕਾਣੇ ਤੋਂ ਅੱਧਾ ਦਰਜਨ ਬ੍ਰੀਫਕੇਸ ਤੇ ਕਾਗ਼ਜ਼ ਦੇ ਡੱਬਿਆਂ ਵਿਚੋਂ ਨੋਟਾਂ ਦੇ ਬੰਡਲ ਭਰੇ ਮਿਲੇ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਹੋਈ ਇਸ ਕਾਰਵਾਈ ਨਾਲ ਸਿਆਸੀ ਤੇ ਪ੍ਰਸ਼ਾਸਨਿਕ ਹਲਕਿਆਂ ਵਿਚ ਤਰਥੱਲੀ ਮਚੀ ਹੋਈ ਹੈ। ਆਮਦਨ ਕਰ ਇਨਵੈਸਟੀਗੇਸ਼ਨ ਵਿੰਗ ਦਿੱਲੀ ਦੇ ਅਫਸਰਾਂ ਨੇ ਐਤਵਾਰ ਤੜਕੇ ਤਿੰਨ ਵਜੇ ਇਸ ਕਾਰਵਾਈ ਨੂੰ ਸਿਰੇ ਚਾੜ੍ਹਿਆ। ਮੁੱਖ ਮੰਤਰੀ ਕਮਲਨਾਥ ਦਾ ਬੇਹੱਦ ਕਰੀਬੀ ਮਿਗਲਾਨੀ ਕਰੀਬ ਚਾਰ ਦਹਾਕਿਆਂ ਤੋਂ ਉਨ੍ਹਾਂ ਨਾਲ ਹੈ।

ਮੁੱਖ ਮੰਤਰੀ ਦੇ ਓਐੱਸਡੀ ਪ੍ਰਵੀਨ ਕੱਕੜ ਪਹਿਲਾਂ ਮੱਧ ਪ੍ਰਦੇਸ਼ ਪੁਲਿਸ 'ਚ ਕੰਮ ਕਰਦੇ ਸਨ। ਨੌਕਰੀ ਛੱਡ ਕੇ ਉਹ ਸਾਬਕਾ ਕੇਂਦਰੀ ਮੰਤਰੀ ਕਾਂਤੀਲਾਲ ਭੂਰੀਆ ਨਾਲ ਬਤੌਰ ਓਐੱਸਡੀ ਰਹੇ। ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਕਮਲਨਾਥ ਦਾ ਓਐੱਸਡੀ ਬਣਾਇਆ ਗਿਆ। ਕੱਕੜ ਦਾ ਪਰਿਵਾਰ ਹੋਟਲ ਸਮੇਤ ਹੋਰ ਕਈ ਕਾਰੋਬਾਰਾਂ ਨਾਲ ਜੁੜਿਆ ਹੋਇਆ ਹੈ। ਕਮਲਨਾਥ ਦੇ ਭਣੇਵੇਂ ਰਤੁਲ ਪੁਰੀ ਦੇ ਪਰਿਵਾਰ ਨਾਲ ਜੁੜੇ 35 ਟਿਕਾਣਿਆਂ 'ਤੇ ਕਾਰਵਾਈ ਦੀ ਖ਼ਬਰ ਹੈ।

ਆਮਦਨ ਕਰ ਅਫਸਰਾਂ ਦੀ ਟੀਮ ਸੁਰੱਖਿਆ ਲਈ ਸਥਾਨਕ ਪੁਲਿਸ ਦੀ ਬਜਾਏ ਸੀਆਰਪੀਐੱਫ ਦੇ ਜਵਾਨਾਂ ਨੂੰ ਆਪਣੇ ਨਾਲ ਦਿੱਲੀ ਤੋਂ ਲੈ ਕੇ ਆਈ ਸੀ। ਇਹ ਜਵਾਨ ਇਕ ਦਿਨ ਪਹਿਲਾਂ ਪੰਜ ਬੱਸਾਂ ਰਾਹੀਂ ਭੋਪਾਲ-ਇੰਦੌਰ ਪੁੱਜੇ। ਆਮਦਨ ਕਰ ਵਿਭਾਗ ਨੇ ਸੁਰੱਖਿਆ ਲਈ ਮੱਧ ਪ੍ਰਦੇਸ਼ ਪੁਲਿਸ ਨਾਲ ਵੀ ਸੰਪਰਕ ਨਹੀਂ ਕੀਤਾ। ਛਾਪੇਮਾਰੀ 'ਚ ਕਰੀਬ 300 ਅਧਿਕਾਰੀਆਂ ਤੇ ਏਨੇ ਹੀ ਸੀਆਰਪੀਐੱਫ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ।

ਆਮਦਨ ਕਰ ਵਿਭਾਗ ਨੇ ਆਪਣੇ ਖ਼ੁਫ਼ੀਆ ਵਿੰਗ ਦੀਆਂ ਸੂਚਨਾਵਾਂ ਦੇ ਆਧਾਰ 'ਤੇ ਇਹ ਛਾਪੇਮਾਰੀ ਕੀਤੀ। ਆਮਦਨ ਕਰ ਅਫਸਰਾਂ ਨੂੰ ਨੋਟਾਂ ਦੀ ਗਿਣਤੀ ਕਰਨ ਲਈ ਚਾਰ ਮਸ਼ੀਨਾਂ ਮੰਗਵਾਉਣੀਆਂ ਪਈਆਂ। ਭੋਪਾਲ ਦੀ ਨਾਦਿਰ ਕਾਲੋਨੀ ਸਥਿਤ ਕੱਕੜ ਦੀ ਕੋਠੀ ਤੇ ਪਲੈਟਿਨਮ ਪਲਾਜ਼ਾ 'ਤੇ ਸੁਰੱਖਿਆ ਬਹੁਤ ਸਖ਼ਤ ਸੀ। ਦੱਸਿਆ ਜਾਂਦਾ ਹੈ ਕਿ ਛਾਪੇਮਾਰੀ ਦੇ ਘੇਰੇ ਵਿਚ ਆਏ ਟਿਕਾਣਿਆਂ ਤੋਂ ਕਾਰੋਬਾਰੀ ਨਿਵੇਸ਼ ਸਬੰਧੀ ਦਸਤਾਵੇਜ਼ ਮਿਲੇ ਹਨ। ਪੂਰੀ ਕਾਰਵਾਈ ਏਨੀ ਗੁਪਤ ਰੱਖੀ ਗਈ ਕਿ ਸੂਬੇ ਦੇ ਖ਼ੁਫ਼ੀਆ ਤੰਤਰ ਨੂੰ ਵੀ ਸੂਹ ਨਾ ਲੱਗ ਸਕੀ।

ਆਮਦਨ ਕਰ ਅਫਸਰਾਂ ਨੂੰ ਅਸ਼ਵਿਨ ਸ਼ਰਮਾ ਦੇ ਟਿਕਾਣਿਆਂ 'ਤੇ ਮਹਿੰਗੀਆਂ ਲਗਜ਼ਰੀ ਕਾਰਾਂ ਦਾ ਕਾਫ਼ਲਾ ਵੀ ਮਿਲਿਆ ਹੈ। ਇਨ੍ਹਾਂ ਵਿਚ ਲੈਂਡ ਰੋਵਰ, ਮਰਸਿਡੀਜ਼ ਤੇ ਵਿੰਟੇਜ ਕਾਰਾਂ ਵੀ ਸ਼ਾਮਲ ਹਨ। ਆਮਦਨ ਕਰ ਵਿਭਾਗ ਇਨਵੈਸਟੀਗੇਸ਼ਨ ਵਿੰਗ ਰਾਜਸਥਾਨ ਦੇ ਡਾਇਰੈਕਟਰ ਜਨਰਲ ਤੇ ਮੱਧ ਪ੍ਰਦੇਸ਼-ਛਗ ਦੇ ਇੰਚਾਰਜ ਸਤੀਸ਼ ਕੇ ਗੁਪਤਾ ਨੇ ਇਕ ਚਰਚਾ ਵਿਚ ਭੋਪਾਲ-ਇੰਦੌਰ 'ਚ ਛਾਪੇਮਾਰੀ ਦੀ ਪੁਸ਼ਟੀ ਤਾਂ ਕੀਤੀ ਪਰ ਉਨ੍ਹਾਂ ਨੇ ਦੱਸਿਆ ਕਿ ਪੂਰੀ ਕਾਰਵਾਈ ਦਿੱਲੀ ਦੀ ਹੈ। ਛਾਣਬੀਨ 'ਚ ਜੁਟਿਆ ਸਟਾਫ ਵੀ ਦਿੱਲੀ ਦਾ ਹੀ ਲਾਇਆ ਗਿਆ ਹੈ।

ਸ਼ਰਮਾ ਤੇ ਜੋਸ਼ੀ ਤੋਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁੱਛਗਿੱਛ ਜਾਰੀ ਹੈ। ਕਰੋੜਾਂ ਰੁਪਏ ਦੀ ਨਕਦੀ ਕਿੱਥੋਂ ਆਈ ਇਸ ਬਾਰੇ ਬਿਆਨ ਦਰਜ ਕੀਤੇ ਜਾ ਰਹੇ ਹਨ। ਆਮਦਨ ਕਰ ਵਿਭਾਗ ਦੇ ਸਥਾਨਕ ਅਧਿਕਾਰੀਆਂ ਨੇ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਕ ਨਿਊਜ਼ ਏਜੰਸੀ ਜ਼ਰੀਏ ਕਾਰਵਾਈ ਦੀ ਜਾਣਕਾਰੀ ਦੇਣ ਦੀ ਗੱਲ ਕਹੀ ਗਈ।