ਜੰਮੂ-ਕਸ਼ਮੀਰ ਪੁਲਿਸ ਨੇ ਪੁਲਵਾਮਾ ਹਮਲੇ ਬਾਰੇ ਕੀਤਾ ਸੀ ਚੌਕਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

40 ਜਵਾਨਾਂ ਦੀ ਅਤਿਵਾਦੀ ਹਮਲੇ 'ਚ ਮੌਤ ਦਾ ਕਾਰਨ ਫ਼ੌਜ ਅਤੇ ਉਸ ਦੀ ਯੂਨਿਟਾਂ ਵਿਚਕਾਰ ਤਾਲਮੇਲ ਦੀ ਕਮੀ ਸੀ

Pulwama attack

ਸ੍ਰੀਨਗਰ : ਜੰਮੂ-ਕਸ਼ਮੀਰ ਪੁਲਿਸ ਦੇ ਖੁਫ਼ੀਆ ਵਿਭਾਗ ਨੂੰ ਪੁਲਵਾਮਾ ਹਮਲੇ ਤੋਂ ਠੀਕ ਇਕ ਹਫ਼ਤੇ ਪਹਿਲਾਂ ਅਤਿਵਾਦੀਆਂ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸੂਚਨਾ ਮਿਲ ਗਈ ਸੀ। ਰਿਪੋਰਟ 'ਚ ਸੰਭਾਵਨਾ ਪ੍ਰਗਟਾਈ ਗਈ ਸੀ ਕਿ ਅਵੰਤੀਪੋਰਾ 'ਚ ਅਤਿਵਾਦੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਰਿਪੋਰਟ 'ਚ ਕਿਹਾ ਗਿਆ ਸੀ ਕਿ ਤਰਾਲ ਸਥਿਤ ਮਿਦੋਰਾ ਦੇ ਮੁਦਾਸਿਰ ਖ਼ਾਨ ਉਰਫ਼ ਮੁਹੰਮਦ ਭਾਈ ਦੀ ਅਗਵਾਈ 'ਚ ਜੈਸ਼ ਅਤਿਵਾਦੀ ਹਮਲਾ ਕਰ ਸਕਦੇ ਹਨ।

ਰਿਪੋਰਟ 'ਚ ਖੁਫ਼ੀਆ ਵਿਭਾਗ ਨੂੰ ਦੱਸ ਦਿੱਤਾ ਗਿਆ ਸੀ ਕਿ ਅਤਿਵਾਦੀ ਫ਼ਿਦਾਇਨ ਹਮਲੇ ਲਈ ਅਵੰਤੀਪੋਰਾ ਪਹੁੰਚ ਚੁੱਕੇ ਹਨ। ਪੁਲਵਾਮਾ 'ਚ ਜੰਮੂ-ਕਸ਼ਮੀਰ ਸੀਆਈਡੀ ਦੇ ਕਾਊਂਟਰ ਇੰਟੈਲੀਜੈਂਸ ਕਸ਼ਮੀਰ (ਸੀਆਈਕੇ) 'ਚ ਡੀਐਸਪੀ ਵਜੋਂ ਤਾਇਨਾਤ ਸ਼ਬੀਰ ਅਹਿਮਦ ਨੇ ਹਮਲੇ ਬਾਰੇ 24 ਜਨਵਰੀ ਨੂੰ ਆਪਣੇ ਵਿਭਾਗ ਦੇ ਐਸ.ਪੀ. (ਸੀਆਈਡੀ) ਨੂੰ ਚਿੱਠੀ ਲਿਖੀ ਸੀ। ਇਸ ਚਿੱਠੀ 'ਚ ਕਿਹਾ ਗਿਆ ਸੀ ਕਿ ਤਿੰਨ ਵਿਦੇਸ਼ੀ ਅਤਿਵਾਦੀ 'ਕਿਸੇ ਖ਼ਾਸ ਕੰਮ' ਲਈ ਅਵੰਤੀਪੋਰਾ ਪਹੁੰਚ ਚੁੱਕੇ ਹਨ।

ਸੂਤਰਾਂ ਮੁਤਾਬਕ 31 ਜਨਵਰੀ ਨੂੰ ਏਡੀਜੀ (ਪੁਲਿਸ) ਡਾ. ਬੀ ਸ੍ਰੀਨਿਵਾਸ ਨੇ ਇਹ ਜਾਣਕਾਰੀ ਜੰਮੂ-ਕਸ਼ਮੀਰ ਪੁਲਿਸ, ਸੀਆਰਪੀਐਫ ਅਤੇ ਦੂਜੇ ਸਹਿਯੋਗੀ ਸੰਗਠਨਾਂ ਦੇ ਕਈ ਅਧਿਕਾਰੀਆਂ ਨਾਲ ਸਾਂਝੀ ਕੀਤੀ ਸੀ। ਪੁਲਿਸ ਅਤੇ ਪੈਰਮਿਲਟਰੀ ਫ਼ੋਰਸ ਨੂੰ ਜਿਹੜਾ ਮੈਸੇਜ ਭੇਜਿਆ ਗਿਆ ਸੀ ਉਸ 'ਚ ਹਾਈ ਅਲਰਟ ਕਰਨ ਅਤੇ ਹਾਈਵੇਅ 'ਤੇ ਸੁਰੱਖਿਆ ਪ੍ਰਬੰਧ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਹਮਲੇ ਦੀ ਸੰਭਾਵਨਾ ਨੂੰ ਵੇਖਦਿਆਂ ਫ਼ੌਜ ਦੀਆਂ ਟੁਕੜੀਆਂ ਤਾਇਨਾਤ ਕਰਨ ਅਤੇ ਦੂਜੇ ਕਦਮ ਚੁੱਕਣ ਬਾਰੇ ਵੀ ਕਿਹਾ ਗਿਆ ਸੀ। ਇਨ੍ਹਾਂ ਮੈਸੇਜਾਂ 'ਚ ਇਸ ਵੱਲ ਇਸ਼ਾਰਾ ਕੀਤਾ ਗਿਆ ਸੀ ਕਿ ਜੈਸ਼-ਏ-ਮੁਹੰਮਦ ਦੇ ਅਤਿਵਾਦੀ 9 ਤੋਂ 11 ਫ਼ਰਵਰੀ ਤਕ ਕਿਸੇ ਵੀ ਸਮੇਂ ਵੱਡਾ ਹਮਲਾ ਕਰ ਸਕਦੇ ਹਨ।

ਅਧਿਕਾਰੀਆਂ ਮੁਤਾਬਕ ਪੁਲਵਾਮਾ 'ਚ 40 ਜਵਾਨਾਂ ਦੀ ਅਤਿਵਾਦੀ ਹਮਲੇ 'ਚ ਮੌਤ ਦਾ ਕਾਰਨ ਫ਼ੌਜ ਅਤੇ ਉਸ ਦੀ ਯੂਨਿਟਾਂ ਵਿਚਕਾਰ ਤਾਲਮੇਲ ਦੀ ਕਮੀ ਸੀ। ਕਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਖੁਫ਼ੀਆ ਵਿਭਾਗ ਦੀ ਵੱਡੀ ਨਾਕਾਮੀ ਦਾ ਨਤੀਜਾ ਹੈ। ਸੀ.ਆਈ.ਡੀ. ਦੇ ਸੰਦੇਸ਼ਾਂ 'ਚ ਜਿਹੜੇ ਮੁਦਾਸਿਰ ਖ਼ਾਨ ਦਾ ਜ਼ਿਕਰ ਹੈ, ਉਹ ਪੁਲਵਾਮਾ ਹਮਲੇ ਦਾ ਮੁੱਖ ਸਾਜ਼ਸ਼ਘਾੜਾ ਸੀ। ਹਮਲੇ 'ਚ ਉਸ ਦੀ ਮੌਤ ਹੋ ਗਈ ਸੀ। 15ਵੀਂ ਕੋਰ ਦੇ ਜੀ.ਓ.ਸੀ. ਕੇ.ਜੀ.ਐਸ. ਢਿੱਲੋਂ ਨੇ ਦਾਅਵਾ ਕੀਤਾ ਕੀ ਮੁਦਾਸਿਰ ਖ਼ਾਨ ਸਕਿਊਰਿਟੀ ਫ਼ੋਰਸ ਨਾਲ ਮੁਕਾਬਲੇ 'ਚ ਮਾਰਿਆ ਗਿਆ ਸੀ।