ਜਗਦਲਪੁਰ- ਨਕਸਲੀ ਹੋਣ ਦੇ ਦੋਸ਼ 'ਚ ਪਿਛਲੇ 12 ਸਾਲਾਂ ਤੋਂ ਜੇਲ੍ਹ ਦੀ ਸਜ਼ਾ ਕੱਟ ਰਹੀ ਨਿਰਮਲੱਕਾ ਜੇਲ੍ਹ ਤੋਂ ਰਿਹਾਅ ਹੋ ਗਈ ਹੈ। ਦੇਸ਼ ਵਿਚ ਇਹ ਆਪਣੇ ਆਪ ਵਿਚ ਅਨੋਖਾ ਮਾਮਲਾ ਹੋਵੇਗਾ ਕਿ ਕਿਸੇ ਔਰਤ 'ਤੇ ਮਾਓਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਇਕ-ਦੋ ਨਹੀਂ ਬਲਕਿ 150 ਤੋਂ ਜ਼ਿਆਦਾ ਕੇਸ ਹੋਣ ਅਤੇ ਉਹ ਸਾਰੇ ਕੇਸਾਂ ਵਿਚੋਂ ਦੋਸ਼ਮੁਕਤ ਸਾਬਤ ਹੋਈ ਹੋਵੇ। ਉਸ ਦੇ ਵਿਰੁਧ ਪੁਲਿਸ ਨੂੰ ਨਾ ਗਵਾਹ ਮਿਲੇ ਅਤੇ ਨਾ ਹੀ ਕੋਈ ਸਬੂਤ।
ਖ਼ਾਸ ਗੱਲ ਇਹ ਵੀ ਹੈ ਕਿ 157 ਮਾਓਵਾਦੀ ਮਾਮਲਿਆਂ ਵਿਚ ਪਿਛਲੇ 12 ਸਾਲਾਂ ਤੋਂ ਛੱਤੀਸਗੜ੍ਹ ਦੀ ਜਗਦਲਪੁਰ ਸੈਂਟਰਲ ਜੇਲ੍ਹ ਵਿਚ ਬੰਦ ਨਿਰਮਲੱਕਾ ਨੇ ਇਨ੍ਹਾਂ ਵਿਚੋਂ 137 ਕੇਸਾਂ ਵਿਚ ਆਪਣੀ ਪੈਰਵੀ ਖ਼ੁਦ ਕੀਤੀ। ਨਿਰਮਲੱਕਾ ਨੇ ਜੇਲ੍ਹ ਵਿਚੋਂ ਰਿਹਾਅ ਹੋਣ ਮਗਰੋਂ ਆਖਿਆ ਕਿ ਉਸ ਨੇ ਜੋ ਨਹੀਂ ਕੀਤਾ ਉਹ ਉਸ ਦੀ ਪੂਰੀ ਸਜ਼ਾ ਭੁਗਤ ਚੁੱਕੀ। ਦਰਅਸਲ ਪੁਲਿਸ ਨੇ ਨਿਰਮਲੱਕਾ ਸਮੇਤ ਤਿੰਨ ਲੋਕਾਂ ਨੂੰ ਕਰੀਬ 12 ਸਾਲ ਪਹਿਲਾਂ 5 ਜੁਲਾਈ 2007 ਨੂੰ ਰਾਏਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ।
ਉਸ ਦੇ ਨਾਲ ਉਸ ਦੇ ਪਤੀ ਜੈਪਾਲ ਰੈਡੀ ਉਰਫ਼ ਚੰਦਰਸ਼ੇਖ਼ਰ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਸੀ। ਦਸ ਦਈਏ ਕਿ ਸਾਲ 2012 ਵਿਚ ਸੁਕਮਾ ਦੇ ਤਤਕਾਲੀਨ ਕਲੈਕਟਰ ਅਲੈਕਸ ਪਾਲ ਮੈਨਨ ਨੂੰ ਤਾੜਮੇਟਲਾ ਇਲਾਕੇ ਤੋਂ ਅਗਵਾ ਕਰ ਲਿਆ ਗਿਆ ਸੀ। 12 ਦਿਨ ਤਕ ਆਪਣੇ ਨਾਲ ਰੱਖਣ 'ਤੇ ਮਾਓਵਾਦੀਆਂ ਨੇ ਸਰਕਾਰ ਨਾਲ ਉਨ੍ਹਾਂ ਨੂੰ ਛੱਡਣ ਲਈ 8 ਮਾਓਵਾਦੀਆਂ ਨੂੰ ਰਿਹਾਅ ਕਰਨ ਦੀ ਸ਼ਰਤ ਰੱਖੀ ਸੀ।
ਜਿਨ੍ਹਾਂ ਵਿਚ ਨਿਰਮਲੱਕਾ ਦਾ ਨਾਮ ਵੀ ਸ਼ਾਮਲ ਸੀ ਭਾਵੇਂ ਕਿ ਨਿਰਮਲੱਕਾ 'ਤੇ 157 ਮਾਮਲੇ ਦਰਜ ਸਨ ਪਰ ਇੰਨੇ ਸੰਗੀਨ ਦੋਸ਼ ਹੋਣ ਦੇ ਬਾਵਜੂਦ ਪੁਲਿਸ ਉਨ੍ਹਾਂ ਨੂੰ ਅਦਾਲਤ ਵਿਚ ਸਾਬਤ ਨਹੀਂ ਕਰ ਸਕੀ ਅਤੇ ਨਿਰਮਲੱਕਾ ਇਕ-ਇਕ ਕਰਕੇ ਸਾਰੇ ਦੋਸ਼ਾਂ ਤੋਂ ਮੁਕਤ ਹੋ ਗਈ। ਦੇਖੋ ਵੀਡੀਓ