ਔਰੰਗਾਬਾਦ ਰੇਲ ਹਾਦਸੇ ‘ਤੇ ਪੀਐੱਮ ਮੋਦੀ ਨੇ ਪ੍ਰਗਟਾਇਆ ਦੁੱਖ, ਕੀਤਾ ਟਵੀਟ
ਉਹਨਾਂ ਕਿਹਾ ਕਿ ਉਹਨਾਂ ਨੇ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਖਾਸ ਗੱਲਬਾਤ ਕੀਤੀ ਹੈ ਤੇ ਉਹ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਨ ਅਤੇ ਹਰ ਸੰਭਵ....
ਔਰੰਗਾਬਾਦ : ਮਹਾਰਾਸ਼ਟਰ ਦੇ ਔਰੰਗਾਬਾਦ ‘ਚ ਅੱਜ ਸਵੇਰੇ ਰੇਲ ਪਟੜੀ ‘ਤੇ ਸੁੱਤੇ ਮਜ਼ਦੂਰਾਂ ਉੱਪਰੋਂ ਰੇਲ ਗੱਡੀ ਲੰਘਣ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਘਟਨਾ ਵਿਚ 17 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ ਕਈ ਮਜ਼ਦੂਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ । ਇਹ ਸਾਰੇ ਮਜ਼ਦੂਰ ਛੱਤੀਸਗੜ੍ਹ ਜਾ ਰਹੇ ਸਨ। ਇਸ ਦਰਦਨਾਕ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ, ‘ਮਹਾਰਾਸ਼ਟਰ ਦੇ ਔਰੰਗਾਬਾਦ ‘ਚ ਰੇਲ ਹਾਦਸੇ ‘ਚ ਜਾਨ-ਮਾਲ ਦੇ ਨੁਕਸਾਨ ਤੋਂ ਬੇਹੱਦ ਦੁਖੀ ਹਾਂ।
ਉਹਨਾਂ ਕਿਹਾ ਕਿ ਉਹਨਾਂ ਨੇ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਖਾਸ ਗੱਲਬਾਤ ਕੀਤੀ ਹੈ ਤੇ ਉਹ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਨ ਅਤੇ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।’ ਰੇਲਵੇ ਮੰਤਰਾਲੇ ਨੇ ਦੱਸਿਆ ਕਿ ਸਵੇਰੇ ਮਾਲਗੱਡੀ ਦੇ ਡਰਾਈਵਰ ਨੇ ਦੂਰੋਂ ਦੇਖ ਲਿਆ ਸੀ ਕਿ ਕੁੱਝ ਪਰਵਾਸੀ ਮਜ਼ਦੂਰ ਪੱਟੜੀ ‘ਤੇ ਪਏ ਹਨ। ਇਸ ਦੌਰਾਨ ਉਸ ਨੇ ਟ੍ਰੇਨ ਰੋਕਣ ਦੀ ਪੂਰੀ ਕੋਸ਼ਿਸ਼ ਵੀ ਕੀਤੀ ਪਰ ਉਹ ਅਸਫ਼ਲ ਰਿਹਾ।
ਮੰਤਰਾਲੇ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਔਰੰਗਾਬਾਦ ਸਿਵਲ ਹਸਪਤਾਲ ‘ਚ ਭਰਤੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਉੱਤਰੀ ਰੇਲਵੇ ‘ਚ ਪਹਿਲੀ ਵਾਰ ਟ੍ਰੇਨ ਹਾਦਸੇ ਦੀ ਜਾਂਚ ਵ੍ਹਟਸਐਪ ‘ਤੇ ਹੋਈ ਹੈ। ਵ੍ਹਟਸਐਪ ‘ਤੇ ਵੀਡੀਓ ਕਾਲਿੰਗ ਜ਼ਰੀਏ ਰੇਲ ਮੁਲਾਜ਼ਮਾਂ ਦੇ ਬਿਆਨ ਲਏ ਗਏ ਤੇ ਵ੍ਹਟਸਐਪ ਰਾਹੀਂ ਹੀ ਉਨ੍ਹਾਂ ਦੀ ਕਾਪੀ ਮੰਗਵਾਈ ਗਈ ਹੈ।
ਇਸ ਤਰ੍ਹਾਂ ਇਕ ਦਿਨ ਵਿਚ ਹੀ ਦਫ਼ਤਰ ‘ਚ ਬੈਠੇ -ਬੈਠੇ ਅਧਿਕਾਰੀਆਂ ਨੇ ਮੁਲਾਜ਼ਮਾਂ ਦੇ ਬਿਆਨ ਲੈਣ ਦਾ ਕੰਮ ਪੂਰਾ ਕਰ ਲਿਆ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਰਕੇ ਦੇਸ਼ ਭਰ ‘ਚ ਮਜ਼ਦੂਰ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਹਨ। ਇਹ ਸਾਰੇ ਪ੍ਰਵਾਸੀ ਮਜ਼ਦੂਰ ਆਪਣੇ ਘਰ ਛੱਤੀਸਗੜ੍ਹ ਜਾ ਰਹੇ ਸਨ। ਪੂਰਾ ਦਿਨ ਪਟੜੀ ਦੇ ਨਾਲ-ਨਾਲ ਪੈਦਲ ਚੱਲਣ ਤੋਂ ਬਾਅਦ ਰਾਤ ਨੂੰ ਆਰਾਮ ਕਰਨ ਲਈ ਇਹ ਸਾਰੇ ਮਜ਼ਦੂਰ ਪਟੜੀ ‘ਤੇ ਸੌ ਗਏ। ਅਜਿਹੇ ਵਿਚ ਕਈ ਮਜ਼ਦੂਰ ਹਾਦਸੇ ਦਾ ਸ਼ਿਕਾਰ ਹੋ ਗਏ ਹਨ।