ਕੇਰਲ 'ਚ ਸੈਲਾਨੀਆਂ ਦੀ ਪਲਟੀ ਕਿਸ਼ਤੀ : 22 ਦੀ ਮੌਤ, ਮਰਨ ਵਾਲਿਆਂ 'ਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਸ਼ਾਮਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਚਾਅ ਕਾਰਜ ਜਾਰੀ ਹੈ

PHOTO

 

ਮਲਪੁਰਮ : ਕੇਰਲ ਦੇ ਮਲਪੁਰਮ ਜ਼ਿਲ੍ਹੇ ਵਿਚ ਐਤਵਾਰ ਨੂੰ ਇੱਕ ਸੈਲਾਨੀ ਕਿਸ਼ਤੀ ਪਲਟਣ ਕਾਰਨ 22 ਲੋਕਾਂ ਦੀ ਮੌਤ ਹੋ ਗਈ। ਨਿਊਜ਼ ਏਜੰਸੀ ਮੁਤਾਬਕ ਕਿਸ਼ਤੀ ਵਿੱਚ 40 ਤੋਂ ਵੱਧ ਲੋਕ ਸਵਾਰ ਸਨ। ਕੇਰਲ ਦੇ ਖੇਡ ਮੰਤਰੀ ਵੀ ਅਬਦੁਰਰਹਿਮਾਨ ਨੇ ਵੱਖ-ਵੱਖ ਹਸਪਤਾਲਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ 22 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਹਨ। 4 ਲੋਕਾਂ ਨੂੰ ਗੰਭੀਰ ਹਾਲਤ 'ਚ ਕੋਟਕਕਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਇਹ ਹਾਦਸਾ ਐਤਵਾਰ ਸ਼ਾਮ ਕਰੀਬ 7 ਵਜੇ ਮਲਪੁਰਮ ਜ਼ਿਲ੍ਹੇ ਦੇ ਤਨੂਰ ਇਲਾਕੇ ਵਿਚ ਤੁਵਾਲਥੀਰਾਮ ਬੀਚ ਨੇੜੇ ਵਾਪਰਿਆ। ਕਿਸ਼ਤੀ ਨੂੰ ਕਿਨਾਰੇ 'ਤੇ ਲਿਆਂਦਾ ਗਿਆ ਹੈ। ਖੇਤਰੀ ਫਾਇਰ ਰੇਂਜ ਅਧਿਕਾਰੀ ਸ਼ਿਜੂ ਕੇਕੇ ਨੇ ਦਸਿਆ ਕਿ ਕਿਸ਼ਤੀ ਵਿਚ ਸਵਾਰ ਲੋਕਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲਗ ਸਕਿਆ ਹੈ। ਅਜਿਹੇ 'ਚ ਹੋਰ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਹਾਦਸੇ 'ਤੇ ਦੁਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ- ਕੇਰਲ ਦੇ ਮਲਪੁਰਮ 'ਚ ਕਿਸ਼ਤੀ ਹਾਦਸੇ 'ਚ ਲੋਕਾਂ ਦੀ ਮੌਤ ਤੋਂ ਦੁਖੀ ਹਾਂ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੇਰੀ ਸੰਵੇਦਨਾ ਹੈ। ਹਰੇਕ ਮ੍ਰਿਤਕ ਦੇ ਵਾਰਸਾਂ ਨੂੰ PMNRF ਵਲੋਂ 2 ਲੱਖ ਰੁਪਏ ਦਿੱਤੇ ਜਾਣਗੇ।

ਹਾਦਸੇ 'ਚ ਮਾਰੇ ਗਏ 22 ਲੋਕਾਂ 'ਚੋਂ 15 ਦੀ ਪਛਾਣ ਹੋ ਗਈ ਹੈ। ਮ੍ਰਿਤਕਾਂ ਦੇ ਪੋਸਟਮਾਰਟਮ ਦੀ ਪ੍ਰਕਿਰਿਆ ਸਵੇਰੇ 6 ਵਜੇ ਤੋਂ ਸ਼ੁਰੂ ਹੋਵੇਗੀ। ਮੰਤਰੀ ਵੀ ਅਬਦੁਰਰਹਿਮਾਨ ਨੇ ਦਸਿਆ ਕਿ ਕਿਸ਼ਤੀ ਪਲਟਣ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

ਦੂਜੇ ਪਾਸੇ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐਮਐਲ) ਦੇ ਵਿਧਾਇਕ ਪੀਕੇ ਕੁਨਹਾਲੀਕੁਟੀ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਕਿਸ਼ਤੀ ਵਿਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ, ਜਿਸ ਕਾਰਨ ਕਿਸ਼ਤੀ ਡੁਬ ਗਈ। ਘਟਨਾ ਤੋਂ ਬਾਅਦ ਸਿਹਤ ਮੰਤਰੀ ਵੀਨਾ ਜਾਰਜ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ।

ਪ੍ਰਧਾਨ ਦ੍ਰੋਪਦੀ ਮੁਰਮੂ, ਉਪ ਪ੍ਰਧਾਨ ਜਗਦੀਪ ਧਨਖੜ ਅਤੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਹਾਦਸੇ 'ਤੇ ਦੁਖ ਪ੍ਰਗਟ ਕੀਤਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।