ਗਾਂਧੀ ਅਤੇ ਪਟੇਲ ਦਾ ਵੀ ਸੰਘ ਨਾਲ ਰਾਬਤਾ ਸੀ : ਭਾਜਪਾ ਆਗੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਸਵੈਮਸੇਵਕ ਸੰਘ ਦੇ ਪ੍ਰੋਗਰਾਮ ਵਿਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਸ਼ਾਮਲ ਹੋਣ ਬਾਰੇ ਭਾਜਪਾ ਆਗੂ ਕੈਲਾਸ਼ ਵਿਜਯਵਰਗੀ ਨੇ ਦਾਅਵਾ ਕੀਤਾ ਕਿ ਮਹਾਤਮਾ ਗਾਂਧੀ...

Kailash Vijayvargiya

ਇੰਦੌਰ : ਰਾਸ਼ਟਰੀ ਸਵੈਮਸੇਵਕ ਸੰਘ ਦੇ ਪ੍ਰੋਗਰਾਮ ਵਿਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਸ਼ਾਮਲ ਹੋਣ ਬਾਰੇ ਭਾਜਪਾ ਆਗੂ ਕੈਲਾਸ਼ ਵਿਜਯਵਰਗੀ ਨੇ ਦਾਅਵਾ ਕੀਤਾ ਕਿ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਜਿਹੀਆਂ ਹਸਪਤੀਆਂ ਦਾ ਵੀ ਸੰਘ ਨਾਲ ਸੰਪਰਕ ਰਹਿ ਚੁੱਕਾ ਹੈ। ਉਨ੍ਹਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਸੰਘ ਨੇ ਦੇਸ਼ ਦੇ ਕਿਸੇ ਵੀ ਵਿਅਕਤੀ ਨੂੰ ਅਪਣੇ ਤੋਂ ਵੱਖ ਨਹੀਂ ਸਮਝਿਆ।

ਜੇ ਤੁਸੀਂ ਇਤਿਹਾਸ ਵੇਖੋ ਤਾਂ ਪਤਾ ਲਗਦਾ ਹੈ ਕਿ ਮਹਾਤਮਾ ਗਾਂਧੀ, ਸਰਦਾਰ ਵੱਲਭਭਾਈ ਪਟੇਲ ਆਦਿ ਬਹੁਤ ਸਾਰੇ ਲੋਕ ਹਨ ਜੋ ਸੰਘ ਨਾਲ ਸੰਪਰਕ ਵਿਚ ਰਹੇ ਸਨ।' ਉਨ੍ਹਾਂ ਕਿਹਾ ਕਿ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਪਾਕਿਸਤਾਨ ਨਾਲ ਜੰਗ ਦੇ ਸਮੇਂ ਸੰਘ ਨੂੰ ਜ਼ਿੰਮੇਵਾਰੀ ਦਿਤੀ ਸੀ ਕਿ ਉਹ ਦਿੱਲੀ ਦੀ ਆਵਾਜਾਈ ਵੇਖੇ। ਪੰਡਤ ਨਹਿਰੂ ਦੇ ਸੱਦੇ 'ਤੇ 26 ਜਨਵਰੀ ਦੀ ਪਰੇਡ ਵਿਚ ਸੰਘ ਦੇ ਕਾਰਕੁਨ ਅਪਣੇ ਬੈਂਡ ਨਾਲ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਸੰਘ ਨੇ ਹਮੇਸ਼ਾ ਸਮਾਜ ਨੂੰ ਜੋੜਨ ਦੀ ਗੱਲ ਕੀਤੀ ਹੈ।

ਸੰਘ ਅਪਣੇ ਸਮਾਗਮ ਵਿਚ ਉਨ੍ਹਾਂ ਲੋਕਾਂ ਨੂੰ ਬੁਲਾਉਂਦਾ ਹੈ ਜਿਨ੍ਹਾਂ ਦੇ ਉਸ ਨਾਲ ਵਿਚਾਰਕ ਮਤਭੇਦ ਰਹੇ ਹਨ। ਉਂਜ ਵੀ ਕੋਈ ਸੰਘ ਦੇ ਸਮਾਗਮ ਵਿਚ ਹਿੱਸਾ ਲੈਣ 'ਤੇ ਸੰਘ ਵਿਚ ਸ਼ਾਮਲ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਮੈਂਬਰੀ ਲੈਣ ਲਈ ਪ੍ਰਣਬ ਦੀ ਬੇਟੀ ਸ਼ਰਮਿਠਾ ਨੇ ਨਾ ਤਾਂ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਸੰਪਰਕ ਕੀਤਾ ਹੈ ਤੇ ਨਾ ਹੀ ਉਨ੍ਹਾਂ ਨਾਲ ਕੋਈ ਗੱਲ ਕੀਤੀ ਹੈ। (ਏਜੰਸੀ)