ਪੰਚਕੂਲਾ ਅਦਾਲਤ ਵਲੋਂ ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਖ਼ਾਰਜ
ਬਲਤਕਾਰ ਅਤੇ ਹੋਰਨਾਂ ਗੰਭੀਰ ਦੋਸ਼ਾਂ ਤਹਿਤ ਸਜ਼ਾ ਭੋਗ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਸੱਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਨੂੰ ਪੰਚਕੂਲਾ ਸੈਸ਼ਨ ਕੋਰਟ ਨੇ ਵੱਡਾ...
ਚੰਡੀਗੜ੍ਹ (ਨੀਲ ਭਲਿੰਦਰ ਸਿਂੰਘ) : ਬਲਤਕਾਰ ਅਤੇ ਹੋਰਨਾਂ ਗੰਭੀਰ ਦੋਸ਼ਾਂ ਤਹਿਤ ਸਜ਼ਾ ਭੋਗ ਰਹੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਸੱਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਨੂੰ ਪੰਚਕੂਲਾ ਸੈਸ਼ਨ ਕੋਰਟ ਨੇ ਵੱਡਾ ਝਟਕਾ ਦਿਤਾ ਹੈ। ਅਦਾਲਤ ਨੇ ਹਨੀਪ੍ਰੀਤ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿਤੀ ਹੈ। ਹਾਲਾਂਕਿ ਹਨੀਪ੍ਰੀਤ ਨੇ ਕੋਰਟ ਵਿਚ 'ਮਹਿਲਾ' ਹੋਣ ਦੀ ਦਲੀਲ ਦਿਤੀ ਸੀ।
ਉਸ ਨੇ ਕਿਹਾ ਸੀ ਕਿ ਉਹ ਇਕ ਔਰਤ ਹੈ ਅਤੇ 25 ਅਗੱਸਤ 2017 ਨੂੰ ਪੰਚਕੂਲਾ ਵਿਚ ਜਦੋਂ ਹਿੰਸਾ ਹੋ ਰਹੀ ਸੀ, ਉਦੋਂ ਉਹ ਗੁਰਮੀਤ ਰਾਮ ਰਹੀਮ ਦੇ ਨਾਲ ਸੀ। ਸਜ਼ਾ ਹੋਣ ਤੋਂ ਬਾਅਦ ਉਹ ਰਾਮ ਰਹੀਮ ਨਾਲ ਪੰਚਕੂਲਾ ਤੋਂ ਸਿੱਧਾ ਸੁਨਾਰਿਆ ਜੇਲ ਰੋਹਤਕ ਚੱਲੀ ਗਈ ਜਿਸ ਕਰ ਕੇ ਹਿੰਸਾ ਵਿਚ ਉਸ ਦਾ ਕਿਤੇ ਕੋਈ ਰੋਲ ਨਹੀਂ ਹੈ। ਉਸ ਦਾ ਨਾਮ ਵੀ ਬਾਅਦ ਵਿਚ ਐਫ਼ਆਈਆਰ ਵਿਚ ਪਾਇਆ ਗਿਆ। ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਨਹੀਂ ਕੀਤਾ ਸਗੋਂ ਉਹ ਅਪਣੇ ਆਪ 3 ਅਕਤੂਬਰ 2017 ਨੂੰ ਆਤਮ ਸਮਰਪਣ ਕਰਨ ਲਈ ਆ ਗਈ ਸੀ।
ਜਦੋਂ ਇਸ ਐਫ਼ਆਈਆਰ ਨੰਬਰ 345 ਦੇ ਹੋਰ 15 ਦੋਸ਼ੀਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਤਾਂ 245 ਦਿਨ ਜੇਲ ਵਿਚ ਰਹਿਣ ਤੋਂ ਬਾਅਦ ਉਹ ਵੀ ਜ਼ਮਾਨਤ ਦੀ ਹੱਕਦਾਰ ਹੈ। ਇਸ ਲਈ ਔਰਤ ਹੋਣ ਦੇ ਚਲਦੇ ਉਸ ਨੂੰ ਰਿਆਇਤ ਦਿਤੀ ਜਾਣੀ ਚਾਹੀਦੀ ਹੈ। ਹਨੀਪ੍ਰੀਤ ਦੇ ਐਡਵੋਕੇਟ ਨੇ ਬਹਿਸ ਕਰਦੇ ਹੋਏ ਦਲੀਲ ਦਿਤੀ ਕਿ ਹਨੀਪ੍ਰੀਤ ਨੂੰ ਜਬਰੀ ਇਸ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ।
ਹਨੀਪ੍ਰੀਤ ਕੋਲੋਂ ਪੁਲਿਸ ਦੁਆਰਾ ਕੋਈ ਰਿਕਵਰੀ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਅਜਿਹਾ ਸਮਾਨ ਰਿਕਵਰ ਹੋਇਆ, ਜੋ ਹਿੰਸਾ ਲਈ ਪ੍ਰਯੋਗ ਕੀਤਾ ਗਿਆ। ਉਸ ਦਾ ਨਾਮ ਵੀ ਐਫ਼ਆਈਆਰ ਵਿਚ ਬਾਅਦ ਜੋੜ ਦਿਤਾ ਗਿਆ। ਪੰਚਕੂਲਾ ਪੁਲਿਸ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਹਨੀਪ੍ਰੀਤ ਇਸ ਹਿੰਸਾ ਅਤੇ ਦੇਸ਼ਧ੍ਰੋਹ ਦੀ ਮੁੱਖ ਸਾਜ਼ਸ਼ਘਾੜੀ ਹੈ।