ਸੌਖੀ ਨਹੀਂ ਸਿਆਚਿਨ 'ਚ ਤਾਇਨਾਤ ਫ਼ੌਜੀਆਂ ਦੀ ਜ਼ਿੰਦਗੀ
ਵਿਸ਼ਵ ਦੇ ਸਭ ਤੋਂ ਠੰਡੇ ਜੰਗੀ ਖੇਤਰ ਸਿਆਚਿਨ 'ਤੇ ਡਿਊਟੀ ਦੇਣੀ ਕੋਈ ਆਮ ਗੱਲ ਨਹੀਂ ਹੈ।
ਨਵੀਂ ਦਿੱਲੀ: ਵਿਸ਼ਵ ਦੇ ਸਭ ਤੋਂ ਠੰਡੇ ਜੰਗੀ ਖੇਤਰ ਸਿਆਚਿਨ 'ਤੇ ਡਿਊਟੀ ਦੇਣੀ ਕੋਈ ਆਮ ਗੱਲ ਨਹੀਂ ਹੈ। ਉਥੇ ਹਰ ਸਮੇਂ ਖੂਨ ਨੂੰ ਜਮਾਅ ਦੇਣ ਵਾਲੀ ਠੰਡ ਰਹਿੰਦੀ ਹੈ। ਸਿਆਚਿਨ ਗਲੇਸ਼ੀਅਰ 'ਤੇ ਤਾਇਨਾਤ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਉਥੇ ਰਹਿਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਸਮੁੰਦਰੀ ਤਲ ਤੋਂ 20 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਸਿਆਚਿਨ ਵਿਚ ਤਾਇਨਾਤ ਜਵਾਨਾਂ ਦੀ ਮੁਸ਼ਕਲਾਂ ਭਰੀ ਜ਼ਿੰਦਗੀ ਨੂੰ ਦਰਸਾਉਂਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜਿਸ ਵਿਚ ਫ਼ੌਜੀ ਜਵਾਨ ਦਿਖਾ ਰਹੇ ਹਨ ਕਿ ਕਿਵੇਂ ਇੱਥੇ ਆਲੂ ਤੋਂ ਲੈ ਕੇ ਟਮਾਟਰ ਤੱਕ ਸਭ ਕੁੱਝ ਜਮ ਜਾਂਦਾ ਹੈ ਅਤੇ ਹਥੌੜੇ ਮਾਰਨ 'ਤੇ ਵੀ ਨਹੀਂ ਟੁੱਟਦਾ।
ਦੱਸ ਦਈਏ ਕਿ ਰਿਪੋਰਟਾਂ ਅਨੁਸਾਰ ਸਿਆਚਿਨ ਵਿਚ ਫ਼ੌਜੀਆਂ ਦੀ ਸੁਰੱਖਿਆ ਲਈ ਪ੍ਰਤੀ ਦਿਨ ਸੱਤ ਕਰੋੜ ਰੁਪਏ ਖਰਚਣੇ ਪੈਂਦੇ ਹਨ। ਸਿਆਚਿਨ ਦੀਆਂ 80 ਫ਼ੀਸਦੀ ਫ਼ੌਜੀ ਚੌਕੀਆਂ 16000 ਫੁੱਟ ਤੋਂ ਵੱਧ ਦੀ ਉਚਾਈ 'ਤੇ ਸਥਿਤ ਹਨ।
ਸਿਆਚਿਨ ਵਿਚ ਲਗਭਗ ਸੱਠ ਹਜ਼ਾਰ ਸਿਪਾਹੀ ਹਰ ਵੇਲੇ ਤੈਨਾਤ ਰਹਿੰਦੇ ਹਨ। ਜਵਾਨਾਂ ਲਈ ਖਾਣਾ ਬਣਾਉਣਾ ਤੇ ਬੰਕਰ ਨੂੰ ਗਰਮ ਕਰਨ ਲਈ ਮਿੱਟੀ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਜਦਕਿ ਫ਼ੌਜ ਦੇ ਜਵਾਨ ਬਰਫ਼ ਨੂੰ ਉਬਾਲ ਕੇ ਪੀਣ ਲਈ ਪਾਣੀ ਬਣਾਉਂਦੇ ਹਨ ਅਤੇ ਇਸਨੂੰ ਖਾਣਾ ਬਣਾਉਣ ਲਈ ਵਰਤਦੇ ਹਨ।