ਫਿਰ ਜਾਰੀ ਹੋਈ ਭਾਰੀ ਮੀਂਹ ਦੀ ਚਿਤਾਵਨੀ, ਦਿੱਲੀ ਸਮੇਤ 10 ਰਾਜਾਂ 'ਚ ਬਦਲੇਗਾ ਮੌਸਮ ਦਾ ਮਿਜ਼ਾਜ਼!

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਪਵੇਗਾ ਭਾਰੀ ਮੀਂਹ

rain

ਨਵੀਂ ਦਿੱਲੀ : ਇਸ ਵਰ੍ਹੇ ਵੀ ਮਾਨਸੂਨ ਦੇ ਚੰਗਾ ਰਹਿਣ ਦੀਆਂ ਭਵਿੱਖਬਾਣੀਆਂ ਦਰਮਿਆਨ ਮੌਸਮ ਨੇ ਮੌਨਸੂਨ ਤੋਂ ਅਗਲੇਰੇ ਹੀ ਅਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿਤੇ ਹਨ। ਇਸ ਕਾਰਨ ਜਿੱਥੇ ਵੱਡੀ ਗਿਣਤੀ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਇਸ ਦਾ ਫ਼ਸਲਾਂ ਦੀ ਬਿਜਾਈ 'ਤੇ ਵੀ ਅਸਰ ਵੇਖਣ ਨੂੰ ਮਿਲ ਰਿਹਾ ਹੈ। ਖ਼ਾਸ ਕਰ ਕੇ ਪੰਜਾਬ ਦੇ ਕਿਸਾਨਾਂ ਲਈ ਇਸ ਅਗੇਤੇ ਮੀਂਹ ਨੇ ਵੱਡੀ ਸਮੱਸਿਆ ਖੜ੍ਹੀ ਕਰ ਦਿਤੀ ਹੈ।

ਕਰੋਨਾ ਵਾਇਰਸ ਕਾਰਨ ਇਸ ਵਰ੍ਹੇ ਝੋਨੇ ਦੀ ਲੁਆਈ ਲਈ ਮਜ਼ਦੂਰਾਂ ਦੀ ਵੱਡੀ ਘਾਟ ਸਾਹਮਣੇ ਆ ਰਹੀ ਹੈ। ਇਸ ਕਾਰਨ ਬਹੁਤੇ ਕਿਸਾਨਾਂ ਵਲੋਂ ਸਿੱਧੀ ਬਿਜਾਈ ਦਾ ਤਰੀਕਾ ਅਪਣਾਇਆ ਜਾ ਰਿਹਾ ਹੈ। ਪਰ ਵਾਰ-ਵਾਰ ਪੈ ਰਹੇ ਮੀਂਹ ਕਾਰਨ ਝੋਨੇ ਦੀ ਸਿੱਧੀ ਬਿਜਾਈ 'ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਕਾਰਨ ਜਿੱਥੇ ਬਿਜਾਈ ਪੱਛੜ ਰਹੀ ਹੈ, ਉਥੇ ਬਿਜਾਈ ਕੀਤੇ ਗਏ ਝੋਨੇ ਦੀ ਫ਼ਸਲ ਦੇ ਕਰੰਡ ਹੋਣ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਬੀਤੇ ਕਈ ਦਿਨਾਂ ਤੋਂ ਇਕ-ਦੋ ਦਿਨ ਦੇ ਵਕਫ਼ੇ ਬਾਅਦ ਪੈ ਰਹੀ ਮੀਂਹ ਦਾ ਦੌਰ ਬਦਸਤੂਰ ਜਾਰੀ ਹੈ।

ਦੇਸ਼ ਦੀ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿਚ ਪਿਛਲੇ ਦੋ-ਤਿੰਨ ਦਿਨਾਂ ਤੋਂ ਲਗਾਤਾਰ ਬਾਰਸ਼ ਹੋ ਰਹੀ ਹੈ। ਇਸ ਦੌਰਾਨ ਤੇਜ਼ ਹਵਾਵਾਂ ਦੇ ਚੱਲਣ ਦੀਆਂ ਵੀ ਖ਼ਬਰਾਂ ਹਨ। ਇਸ ਕਾਰਨ ਤਾਪਮਾਨ ਵਿਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਦਿੱਲੀ ਦੇ ਨਾਲ ਲਗਦੇ ਇਲਾਕਿਆਂ ਗੁਰੂਗਰਾਮ, ਨੋਇਡਾ ਆਦਿ ਸਮੇਤ ਕਈ ਥਾਈ ਮੌਸਮ ਨੇ ਕਰਵਟ ਬਦਲੀ ਹੈ।

ਇਸੇ ਦੌਰਾਨ ਆਈ.ਐਮ.ਡੀ. ਨੇ ਅਪਣੇ ਤਾਜ਼ਾ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਮੱਧ ਅਰਬ ਸਾਗਰ ਦੇ ਕੁੱਝ ਹੋਰ ਹਿੱਸਿਆਂ ਵਿਚ ਦੱਖਣੀ-ਪੱਛਮੀ ਮਾਨਸੂਨ ਦੀ ਪ੍ਰਗਤੀ ਲਈ ਪ੍ਰਸਥਿਤੀਆਂ ਕਾਰਨ ਇਹ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਫਲਸਰੂਪ ਗੋਆ, ਕੋਕਨ, ਕਰਨਾਟਕਾ, ਆਧਰਾ ਪ੍ਰਦੇਸ਼, ਰਾਇਲਸੀਮਾ ਅਤੇ ਬੰਗਾਲ ਦੀ ਖਾੜੀ ਅਤੇ ਪੂਰਬ-ਉੱਤਰ ਦੇ ਕੁੱਝ ਹਿੱਸਿਆਂ ਅੰਦਰ ਆਉਂਦੇ ਦੋ-ਤਿੰਨ ਦਿਨਾਂ ਦੌਰਾਨ ਭਾਰੀ ਮੀਂਹ ਪੈ ਸਕਦਾ ਹੈ।

ਦਿੱਲੀ 'ਚ ਹਫ਼ਤਾ ਭਰ ਬਾਰਿਸ਼ ਦੀ ਚਿਤਾਵਨੀ : ਅੱਜ ਤੋਂ ਲੈ ਕੇ ਆਉਂਦੇ ਸ਼ੁੱਕਰਵਾਰ ਤਕ ਦਿੱਲੀ ਸਮੇਤ ਪੂਰੇ ਐਨਆਰਸੀ ਅੰਦਰ ਅਸਮਾਨ 'ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲਣਗੀਆਂ। ਇਸ ਤੋਂ ਬਾਅਦ 15 ਜੂਨ ਨੂੰ ਗਰਮੀ ਕੁੱਝ ਪ੍ਰੇਸ਼ਾਨ ਕਰ ਸਕਦੀ ਹੈ ਜਦਕਿ 20 ਜੂਨ ਤਕ ਮੌਨਸੂਨ ਦੇ ਪਹੁੰਚ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ ਦਿੱਲੀ ਸਮੇਤ ਨੇੜਲੇ ਇਲਾਕਿਆਂ ਵਿਚ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ  ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।