ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਨਹੀਂ : ਮਮਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਹ ਕੇਂਦਰ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਨੂੰ ਸੱਤਾ ਤੋਂ ਬਾਹਰ.............

Mamata Banerjee

ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਹ ਕੇਂਦਰ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਲਈ ਕਾਂਗਰਸ ਨਾਲ ਮਿਲ ਕੇ ਕੰਮ ਕਰਨ ਵਿਰੁਧ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ 'ਸੌ ਹਿਟਲਰਾਂ' ਵਰਗਾ ਸਲੂਕ ਕਰ ਰਹੀ ਹੈ। ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਨੇ ਇਕ ਰਸਾਲੇ ਨੂੰ ਦਿਤੇ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਦੇ ਯੂ.ਪੀ.ਏ. ਪ੍ਰਧਾਨ ਸੋਨੀਆ ਗਾਂਧੀ ਨਾਲ ਬਹੁਤ ਚੰਗੇ ਸਬੰਧ ਹਨ, ਪਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਕਦੇ ਕੰਮ ਨਹੀਂ ਕੀਤਾ। ਉਨ੍ਹਾਂ ਰਾਹੁਲ ਨੂੰ 'ਕਾਫ਼ੀ ਜੂਨੀਅਰ' ਦਸਿਆ। 

'ਇੰਡੀਆ ਟੁਡੇ' ਨੂੰ ਦਿਤੀ ਇੰਟਰਵਿਊ 'ਚ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ 'ਅਜਿਹੀ ਕੋਈ ਇੱਛਾ' ਨਹੀਂ ਹੈ। ਹਾਲਾਂਕਿ ਇਹ ਕਹੇ ਜਾਣ 'ਤੇ ਕਿ ਕੀ ਉਹ ਖ਼ੁਦ ਨੂੰ ਉਸ ਅਹੁਦੇ ਦੀ ਦੌੜ ਤੋਂ ਬਾਹਰ ਨਹੀਂ ਕਰ ਰਹੇ ਹਨ ਤਾਂ ਉਹ ਯਕੀਨੀ ਨਹੀਂ ਦਿਸੀ। ਇਹ ਇੰਟਰਵਿਊ ਇੰਡੀਆ ਟੁਡੇ ਨੇ ਅਪਣੀ ਵੈੱਬਸਾਈਟ 'ਤੇ ਪੋਸਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਈ ਤਿਆਰੀ ਕਰਨ ਦੀ ਥਾਂ ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਬੈਨਰਜੀ ਨੇ ਕਿਹਾ ਕਿ ਉਨ੍ਹਾਂ ਕਿਸੇ ਦੇ ਨਾਲ ਵੀ ਕੰਮ ਕਰਨ 'ਚ ਉਦੋਂ ਤਕ ਕੋਈ ਸਮੱਸਿਆ ਨਹੀਂ ਹੈ ਜਦੋਂ ਤਕ ਕਿ ਉਨ੍ਹਾਂ ਦੀ ਇੱਛਾ ਅਤੇ ਦਰਸ਼ਨ ਸਾਫ਼ ਹੋਣ।

ਕਾਂਗਰਸ ਦੀ ਅਗਵਾਈ 'ਚ ਸਬੰਧਾਂ ਬਾਰੇ ਪੁੱਛੇ ਜਾਣ 'ਤੇ ਬੈਨਰਜੀ ਨੇ ਕਿਹਾ, ''ਮੈਂ ਰਾਜੀਵ ਜੀ ਜਾਂ ਸੋਨੀਆ ਜੀ ਬਾਰੇ ਜੋ ਕਹਿ ਸਕਦੀ ਹਾਂ, ਉਹ ਰਾਹੁਲ ਬਾਰੇ ਨਹੀਂ ਕਹਿ ਸਕਦੀ। ਕਿਉਂਕਿ ਉਹ ਕਾਫ਼ੀ ਜੂਨੀਅਰ ਹੈ। '' ਕੁੱਝ ਵਿਰੋਧੀ ਪਾਰਟੀਆਂ ਦੇ ਕਾਂਗਰਸ ਨੂੰ ਛੱਡ ਕੇ ਸੰਘੀ ਮੋਰਚੇ ਬਣਾਉਣ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਕੁੱਝ ਪਾਰਟੀਆਂ ਕਾਂਗਰਸ ਦੀ ਹਮਾਇਤ ਨਹੀਂ ਕਰਦੀਆਂ ਕਿਉਂਕਿ ਉਨ੍ਹਾਂ ਦੀਆਂ ਅਪਣੀਆਂ ਖੇਤਰੀ ਮਜਬੂਰੀਆਂ ਹਨ। ਉਨ੍ਹਾਂ ਕਿਹਾ, ''ਮੈਂ ਉਨ੍ਹਾਂ ਨੂੰ ਦੋਸ਼ ਨਹੀਂ ਦਿੰਦੀ। ਮੇਰਾ ਕਹਿਣਾ ਹੈ ਕਿ ਭਾਜਪਾ ਵਿਰੁਧ ਮਿਲ ਕੇ ਕੰਮ ਕਰਦੇ ਹਾਂ।

ਜੇਕਰ ਕਾਂਗਰਸ ਮਜ਼ਬੂਤ ਹੈ ਅਤੇ ਕੁੱਝ ਸਥਾਨਾਂ 'ਤੇ ਜ਼ਿਆਦਾ ਸੀਟਾਂ ਜਿੱਤਦੀ ਹੈ ਤਾਂ ਉਸ ਨੂੰ ਅਗਵਾਈ ਕਰਨ ਦਿਉ। ਜੇਕਰ ਖੇਤਰੀ ਪਾਰਟੀਆਂ ਕਿਸੇ ਹੋਰ ਥਾਂ ਇਕੱਠੀਆਂ ਹਨ ਤਾਂ ਉਹ ਫ਼ੈਸਲਾ ਕਰਨ ਵਾਲੇ ਹੋ ਸਕਦੇ ਹਨ।'' ਉਨ੍ਹਾਂ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ, ''ਉਹ ਅਤਿਆਚਾਰ ਕਰ ਰਹੇ ਹਨ। ਤਸੀਦੇ ਦੇ ਰਹੇ ਹਨ। ਇਥੋਂ ਤਕ ਕਿ ਭਾਜਪਾ ਦੇ ਕੁੱਝ ਆਗੂ ਵੀ ਉਨ੍ਹਾਂ ਦੀ ਹਮਾਇਤ ਨਹੀਂ ਕਰ ਰਹੇ। ਉਹ ਸੌ ਹਿਟਲਰਾਂ ਵਾਂਗ ਸਲੂਕ ਕਰ ਰਹੇ ਹਨ।''  (ਪੀਟੀਆਈ)