ਨਵੀਂ ਦਿੱਲੀ: ਦੇਸ਼ ਦੇ ਦਿਗ਼ਜ ਬੈਂਕਾਂ ਵਿਚ ਮਸ਼ਹੂਰ ਪੰਜਾਬ ਨੈਸ਼ਨਲ ਬੈਂਕ ਤੋਂ ਘੁਟਾਲਿਆਂ ਦਾ ਪਿੱਛਾ ਛੱਡਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਪੀਐਨਬੀ ਵਿਚ ਹੁਣ ਇਕ ਹੋਰ ਕਰੋੜਾਂ ਦਾ ਘੁਟਾਲਾ ਸਾਹਮਣੇ ਆਇਆ ਹੈ। ਬੈਂਕ ਵੱਲੋਂ ਦਸਿਆ ਗਿਆ ਹੈ ਕਿ ਉਸ ਨੂੰ ਭੂਸ਼ਣ ਪਾਵਰ ਐਂਡ ਸਟੀਲ ਲਿਮਿਟੇਡ ਦੀ 3800 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖੇਧੜੀ ਦਾ ਪਤਾ ਲੱਗਿਆ ਹੈ। ਪੀਐਨਬੀ ਨੇ ਬੀਪੀਐਸਐਲ ਕੰਪਨੀ ਦੇ ਇਸ ਫਰਜ਼ੀਵਾੜੇ ਦੀ ਸ਼ਿਕਾਇਤ ਭਾਰਤੀ ਰਿਜ਼ਰਵ ਬੈਂਕ ਤੋਂ ਕੀਤੀ ਹੈ।
ਦਸ ਦਈਏ ਕਿ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਦੇ ਕਰੋੜਾਂ ਰੁਪਏ ਲੈ ਕੇ ਵਿਦੇਸ਼ ਭੱਜ ਗਿਆ ਹੈ। ਇਹ ਮਾਮਲਾ ਅਜੇ ਤਕ ਸੁਲਝਾਇਆ ਵੀ ਨਹੀਂ ਕਿ ਇਕ ਨਵਾਂ ਘੁਟਾਲਾ ਸਾਹਮਣੇ ਆ ਗਿਆ ਹੈ। ਪੀਐਨਬੀ ਵੱਲੋਂ ਦਸਿਆ ਗਿਆ ਹੈ ਕਿ ਫਾਰੇਂਸਿਕ ਆਡਿਟ ਵਿਚ ਸਾਹਮਣੇ ਆਇਆ ਹੈ ਕਿ ਕੰਪਨੀ ਨੇ ਕਰਜ਼ ਦੇਣ ਵਾਲੇ ਬੈਂਕਾਂ ਦੇ ਸਮੂਹ ਤੋਂ ਫੰਡ ਇਕੱਠਾ ਕਰਨ ਲਈ ਦਸਤਾਵੇਜ਼ਾਂ ਅਤੇ ਖ਼ਾਤਿਆਂ ਦੀ ਘੁਟਾਲਾ ਕੀਤਾ ਹੈ। ਬੈਂਕ ਨੇ ਇਸ ਦੀ ਸੂਚਨਾ ਆਰਬੀਆਈ ਨਾਲ ਸ਼ੇਅਰ ਵੀ ਕੀਤੀ ਹੈ।
ਬੀਪੀਐਸਐਲ ਨੇ ਬੈਂਕ ਫੰਡ ਦਾ ਘੁਟਾਲਾ ਕੀਤਾ ਅਤੇ ਬੈਂਕਾਂ ਦੇ ਸਮੂਹ ਤੋਂ ਫੰਡ ਲੈ ਕੇ ਅਪਣੇ ਖਾਤਿਆਂ ਵਿਚ ਘੋਟਾਲਾ ਕੀਤਾ। ਫਿਲਹਾਲ ਮਾਮਲਾ ਐਨਸੀਐਲਟੀ ਵਿਚ ਕਾਫ਼ੀ ਅੱਗੇ ਵਧ ਚੁੱਕਿਆ ਹੈ ਅਤੇ ਬੈਂਕ ਚੰਗੀ ਵਸੂਲੀ ਦੀ ਉਮੀਦ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਹੀ ਕਰਜ਼ਾ ਵਸੂਲੀ ਟ੍ਰਿਬਿਊਨਲ ਨੇ ਪੀਐਨਬੀ ਨੂੰ ਰਾਹਤ ਦਿੰਦੇ ਹੋਏ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਆਦੇਸ਼ ਦਿੱਤਾ ਕਿ ਉਹ ਪੀਐਨਬੀ ਅਤੇ ਹੋਰਾਂ ਨੂੰ ਵਿਆਜ ਸਮੇਤ 7200 ਕਰੋੜ ਰੁਪਏ ਵਾਪਸ ਕਰੇ।
ਨੀਰਵ ਮੋਦੀ ਪੀਐਨਬੀ ਬੈਂਕ ਨੂੰ 13500 ਕਰੋੜ ਰੁਪਏ ਦਾ ਬੈਂਕ ਕਰਜ਼ ਦਾ ਘੁਟਾਲਾ ਕਰ ਚੁੱਕਿਆ ਹੈ। 2018 ਵਿਚ ਘੁਟਾਲਿਆਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਉਹ ਭਾਰਤ ਤੋਂ ਫਰਾਰ ਹੋ ਗਿਆ ਸੀ। ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਸੀਬੀਆਈ ਅਤੇ ਈਡੀ ਨੇ ਮਾਮਲਾ ਦਰਜ ਕਰ ਕੇ ਕੰਪਨੀ ਦੀਆਂ ਸੰਪੱਤੀਆਂ ਜ਼ਬਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
ਨੀਰਵ ਮੋਦੀ ਨੂੰ ਭਾਰਤ ਵਾਪਸ ਲਿਆਉਣ ਲਈ ਲੰਡਨ ਦੀ ਇਕ ਅਦਾਲਤ ਵਿਚ ਉਸ ਦੇ ਵਿਰੁੱਧ ਕਾਰਵਾਈ ਚਲ ਰਹੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਭਾਰਤੀ ਏਜੰਸੀਆਂ ਨੀਰਵ ਮੋਦੀ ਨੂੰ ਜਲਦ ਦੇਸ਼ ਵਾਪਸ ਲੈ ਆਉਣਗੀਆਂ।