ਪੀਐਨਬੀ ਘੋਟਾਲਾ : ਈਡੀ ਨੇ ਜ਼ਬਤ ਕੀਤੀ ਨੀਰਵ ਮੋਦੀ ਦੀ 147 ਕਰੋੜ ਦੀ ਜਾਇਦਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਵਿਚ ਹੋਏ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘੋਟਾਲੇ ਵਿਚ ਈਡੀ ਨੇ ਹੀਰਾ ਵਪਾਰੀ ਨੀਰਵ ਮੋਦੀ ਦੀ 147.72 ਕਰੋੜ ਰੁਪਏ ਦੀ ਹੋਰ ...

Nirav modi

ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਵਿਚ ਹੋਏ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘੋਟਾਲੇ ਵਿਚ ਈਡੀ ਨੇ ਹੀਰਾ ਵਪਾਰੀ ਨੀਰਵ ਮੋਦੀ ਦੀ 147.72 ਕਰੋੜ ਰੁਪਏ ਦੀ ਹੋਰ ਜਾਇਦਾਦ ਜ਼ਬਤ ਕਰ ਲਈ ਹੈ। ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਗੋੜੇ ਹੀਰਾ ਵਪਾਰੀ ‘ਤੇ ਉਸਦੀਆਂ ਕੰਪਨੀਆਂ ਨਾਲ ਜੁੜੀ ਇਹ ਚੱਲ ਅਚਲ ਜਾਇਦਾਦ ਮੁੰਬਈ ‘ਤੇ ਗੁਜਰਾਤ ਦੇ ਸੂਰਤ ਸ਼ਹਿਰ ਵਿਚ ਜਬਤ ਕੀਤੀ ਗਈ ਹੈ।  

ਅਧਿਕਾਰੀਆਂ ਨੇ ਦੱਸਿਆ ਕਿ 147,72,86,651 ਰੁਪਏ ਕੀਮਤ ਵਾਲੀ ਇਸ ਜਾਇਦਾਦ ਵਿਚ 8 ਕਾਰਾਂ , ਹੀਰੇ ਦਾ ਪਲਾਟ ਤੇ ਮਸ਼ੀਨਰੀ , ਗਹਿਣੇ, ਪੇਂਟਿੰਗਾਂ ਤੇ ਕੁੱਝ ਬਿਲਡਿੰਗਾਂ ਸ਼ਾਮਿਲ ਹਨ। ਮਨੀ ਲਾਂਡਰਿੰਗ ਨਿਰੋਧੀ ਕਨੂੰਨ ( ਪੀਐਮਐਲਏ ) -2002 ਦੇ ਤਹਿਤ ਕੀਤੀ ਗਈ ਇਸ ਕਾਰਵਾਈ ਵਿਚ ਅਟੈਚ ਕੀਤੀ ਗਈ ਇਹ ਜਾਇਦਾਦ ਨੀਰਵ ਮੋਦੀ ਤੋਂ ਇਲਾਵਾ ਉਸਦੇ ਸਮੂਹ ਦੀਆਂ ਕੰਪਨੀਆਂ ਫਾਇਰਸਟਾਰ ਡਾਇਮੰਡ ਇੰਟਰਨੈਸ਼ਨਲ ਲਿਮਿਟੇਡ , ਫਾਇਰਸਟਾਰ ਇੰਟਰਨੈਸ਼ਨਲ ਪ੍ਰਾਇਵੇਟ ਲਿਮਿਟੇਡ , ਰਾਧੇਸ਼ੀਰ ਜਵੈਲਰੀ ਕੰਪਨੀ ਪ੍ਰਾਇਵੇਟ ਲਿਮਿਟੇਡ ਤੇ ਰਿਧਮ ਹਾਊਸ ਪ੍ਰਾਇਵੇਟ ਲਿਮਿਟੇਡ ਦੇ ਨਾਂ ਤੇ ਦਰਜ ਹਨ। 

ਸੀਬੀਆਈ ਵੱਲੋਂ ਇਸ ਮਾਮਲੇ ਵਿਚ ਦਰਜ ਐਫਆਈਆਰ ਦੇ ਆਧਾਰ ਤੇ ਈਡੀ ਨੇ ਵੀ ਪਿਛਲੇ ਸਾਲ 15 ਫਰਵਰੀ ਨੂੰ ਨੀਰਵ ਮੋਦੀ , ਉਸਦੇ ਮਾਮਾ ਮੇਹੁਲ ਚੋਕਸੀ ਤੇ ਕਈ ਹੋਰ ਦੇ ਖਿਲਾਫ ਪੀਐਮਐਲਏ ਦੇ ਪ੍ਰਾਵਧਾਨਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਸੀ। ਇਹਨਾਂ ਸਾਰਿਆਂ ‘ਤੇ ਕੁੱਝ ਬੈਂਕ ਅਧਿਕਾਰੀਆਂ ਦੇ ਨਾਲ ਮਿਲ ਕੇ ਲੈਟਰ ਆਫ ਅੰਡਰਟੇਕਿੰਗਸ ( ਐਲਓਯੂ ) ਦੇ ਜ਼ਰੀਏ ਪੰਜਾਬ ਨੈਸ਼ਨਲ ਬੈਂਕ ਵਲੋਂ 13 ਹਜਾਰ ਕਰੋੜ ਤੋਂ ਵੀ ਜ਼ਿਆਦਾ ਰਕਮ ਹੋਰ ਬੈਂਕਾਂ ਦੇ ਨਾਂ ਤੇ ਜਾਰੀ ਕਰਾ ਕੇ ਗਾਇਬ ਕਰਨ ਦਾ ਇਲਜ਼ਾਮ ਹੈ, ਜਿਸਦੇ ਨਾਲ ਬੈਂਕ ਨੂੰ ਜ਼ਬਰਦਸਤ ਘਾਟਾ ਹੋਇਆ ਸੀ।    

ਈਡੀ ਦੇ ਮੁਤਾਬਿਕ, ਹੁਣ ਤੱਕ ਨੀਰਵ ਮੋਦੀ ਤੇ ਉਸਦੇ ਮਾਮਾ ਮੇਹੁਲ ਚੋਕਸੀ ਦੀ ਦੇਸ਼ ਤੇ ਵਿਦੇਸ਼ ਵਿਚ ਤਕਰੀਬਨ 4765 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। ਤਾਜ਼ਾ ਕਾਰਵਾਈ ਤੋਂ ਪਹਿਲਾਂ ਇਕੱਲੇ ਨੀਰਵ ਮੋਦੀ ਤੇ ਉਸਦੀ ਕੰਪਨੀਆਂ ਦੀ ਹੀ 2215.11 ਕਰੋੜ ਰੁਪਏ ਦੀ ਜਾਇਦਾਦ ਈਡੀ ਆਪਣੇ ਕਬਜਾ ਵਿਚ ਲੈ ਚੁੱਕਾ ਹੈ , ਜਿਨ੍ਹਾਂ ਵਿਚ ਬੰਗਲਾ, ਕਮਰਸ਼ਿਅਲ ਜਾਇਦਾਦ ਸਮੇਤ ਸੋਨਾ , ਹੀਰੇ, ਸੋਨੇ-ਚਾਂਦੀ ਦੀਆਂ ਈਟਾਂ , ਗਹਿਣੇ ਗੱਟੇ ਤੇ ਹੋਰ ਕੀਮਤੀ ਸਮਾਨ ਵੀ ਸ਼ਾਮਿਲ ਹੈ। ਚੋਕਸੀ ਵੀ ਇਸ ਮਾਮਲੇ ਵਿਚ ਫਰਾਰ ਹੈ ।