ਜਾਪਾਨ ਦੇ ਸਾਬਕਾ PM ’ਤੇ ਹੋਏ ਹਮਲੇ ਨੂੰ ਲੈ ਕੇ PM ਮੋਦੀ ਤੇ ਡਾ. ਮਨਮੋਹਨ ਸਿੰਘ ਨੇ ਪ੍ਰਗਟਾਇਆ ਦੁੱਖ
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ ਵੀ ਸਾਹਮਣੇ ਆਇਆ ਹੈ। ਉਹਨਾਂ ਨੇ ਸ਼ਿੰਜੋ ਆਬੇ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਨਵੀਂ ਦਿੱਲੀ: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ 'ਤੇ ਹੋਏ ਹਮਲੇ ਨੇ ਦੇਸ਼ ਅਤੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਹਰ ਦੇਸ਼ ਇਸ ਹਮਲੇ ਦੀ ਨਿੰਦਾ ਕਰ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ ਵੀ ਸਾਹਮਣੇ ਆਇਆ ਹੈ। ਉਹਨਾਂ ਨੇ ਸ਼ਿੰਜੋ ਆਬੇ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ, ''ਮੇਰੇ ਪਿਆਰੇ ਦੋਸਤ ਸ਼ਿੰਜੋ ਆਬੇ 'ਤੇ ਹੋਏ ਹਮਲੇ ਤੋਂ ਬਹੁਤ ਦੁਖੀ ਹਾਂ। ਸਾਡੀਆਂ ਪ੍ਰਾਰਥਨਾਵਾਂ ਉਹਨਾਂ, ਉਹਨਾਂ ਦੇ ਪਰਿਵਾਰ ਅਤੇ ਜਾਪਾਨ ਦੇ ਲੋਕਾਂ ਨਾਲ ਹਨ”।
Former Japanese PM Shinzo Abe
ਮਨਮੋਹਨ ਸਿੰਘ ਦਾ ਵੀ ਆਇਆ ਬਿਆਨ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਸ਼ਿੰਜੋ ਆਬੇ 'ਤੇ ਹਮਲੇ ਦੀ ਨਿੰਦਾ ਕੀਤੀ ਹੈ। ਉਹਨਾਂ ਕਿਹਾ, ''ਮੇਰੇ ਦੋਸਤ ਸਾਬਕਾ ਪ੍ਰਧਾਨ ਮੰਤਰੀ ਆਬੇ 'ਤੇ ਹੋਏ ਦੁਖਦਾਈ ਹਮਲੇ ਤੋਂ ਡੂੰਘਾ ਸਦਮਾ ਪਹੁੰਚਿਆ ਹੈ। ਮੇਰੀਆਂ ਪ੍ਰਾਰਥਨਾਵਾਂ ਉਹਨਾਂ ਅਤੇ ਪਰਿਵਾਰ ਦੇ ਨਾਲ ਹਨ”।
Manmohan Singh
ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ- ਫੂਮਿਓ ਕਿਸ਼ਿਦਾ
ਹਮਲੇ ਤੋਂ ਬਾਅਦ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦਾ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ਮੈਂ ਇਸ ਹਮਲੇ ਦੀ ਨਿੰਦਾ ਕਰਦਾ ਹਾਂ। ਇਸ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਅੱਗੇ ਕਿਹਾ ਕਿ ਅਸੀਂ ਉਹ ਸਭ ਕੁਝ ਕਰਾਂਗੇ ਜੋ ਅਸੀਂ ਕਰ ਸਕਦੇ ਹਾਂ। ਡਾਕਟਰ ਉਹਨਾਂ ਨੂੰ ਬਚਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।
Fumio Kishida
ਘਟਨਾ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ- ਵ੍ਹਾਈਟ ਹਾਊਸ
ਸ਼ਿੰਜੋ ਆਬੇ 'ਤੇ ਹਮਲੇ ਤੋਂ ਬਾਅਦ ਵ੍ਹਾਈਟ ਹਾਊਸ ਦਾ ਬਿਆਨ ਵੀ ਸਾਹਮਣੇ ਆਇਆ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਅਸੀਂ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ 'ਤੇ ਹਮਲੇ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ। ਅਸੀਂ ਉਹਨਾਂ ਦੇ ਪਰਿਵਾਰ ਅਤੇ ਜਾਪਾਨ ਦੇ ਲੋਕਾਂ ਦੇ ਨਾਲ ਹਾਂ।
Rahul Gandhi
ਹਮਲੇ ਨੂੰ ਲੈ ਕੇ ਰਾਹੁਲ ਗਾਂਧੀ ਦਾ ਟਵੀਟ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਿਖਿਆ, ''ਭਾਰਤ-ਜਾਪਾਨ ਸਬੰਧਾਂ ਨੂੰ ਡੂੰਘਾ ਕਰਨ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਅਬੇ 'ਤੇ ਹਮਲੇ ਦੀ ਖ਼ਬਰ ਸੁਣ ਕੇ ਸਦਮਾ ਪਹੁੰਚਿਆ। ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ।''