ਮੱਧ ਪ੍ਰਦੇਸ਼ : ਹੁਣ ਚਲਦੀ ਗੱਡੀ ’ਚ ਵਿਅਕਤੀ ਨੂੰ ਪੈਰ ਚੱਟਣ ਲਈ ਮਜਬੂਰ ਕਰਨ ਦਾ ਵੀਡੀਓ ਸਾਹਮਣੇ ਆਇਆ, ਦੋ ਮੁਲਜ਼ਮ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੀਡੀਓ ਕਲਿਪ ਨੂੰ ਫ਼ੋਰੈਂਸਿਕ ਜਾਂਚ ਲਈ ਭੇਜਿਆ 

photo

 

ਗਵਾਲੀਅਰ, (ਮੱਧ ਪ੍ਰਦੇਸ਼): ਮੱਧ ਪ੍ਰਦੇਸ਼ ਦੇ ਸੀਧੀ ’ਚ ਪਿਸ਼ਾਬ ਕਰਨ ਦੀ ਘਟਨਾ ’ਤੇ ਮਚੇ ਹੰਗਾਮੇ ਵਿਚਕਾਰ ਹੁਣ ਗਵਾਲੀਅਰ ’ਚ ਇਕ ਵਿਅਕਤੀ ਨਾਲ ਚਲਦੀ ਗੱਡੀ ’ਚ ਕੁਟਮਾਰ ਕਰਨ ਅਤੇ ਪੈਰਾਂ ਨੂੰ ਚੱਟਣ ਲਈ ਮਜਬੂਰ ਕਰਨ ਦੀ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲੇ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ।

ਇਕ ਅਧਿਕਾਰੀ ਨੇ ਦਸਿਆ ਕਿ ਪੀੜਤ ਅਤੇ ਮੁਲਜ਼ਮ ਗਵਾਲੀਅਰ ਜ਼ਿਲ੍ਹੇ ਦੇ ਡਬਰਾ ਸ਼ਹਿਰ ਦੇ ਰਹਿਣ ਵਾਲੇ ਹਨ।
ਵੀਡੀਓ ’ਚ ਇਕ ਵਿਅਕਤੀ ਪੀੜਤ ਨੂੰ ਕਈ ਵਾਰੀ ਥੱਪੜ ਮਾਰਦਿਆਂ ਦਿਸ ਰਿਹਾ ਹੈ, ਜਦਕਿ ਹੋਰ ਵਿਕਅਤੀ ਚਲਦੀ ਗੱਡੀ ’ਚ ਪੀੜਤ ਨੂੰ ‘ਗੋਲੂ ਗੁਰਜਰ ਬਾਪ ਹੈ’ ਕਹਿਣ ਲਈ ਮਜਬੂਰ ਕਰਦਾ ਦਿਸ ਰਿਹਾ ਹੈ।

ਇਸ ਤੋਂ ਬਾਅਦ ਵੀਡੀਓ ’ਚ ਪੀੜਤ ਵਿਅਕਤੀ ਦੇ ਪੈਰਾਂ ਨੂੰ ਚੱਟਦਿਆਂ ਦਿਸ ਰਿਹਾ ਹੈ। ਵੀਡੀਓ ’ਚ ਇਹ ਸਾਫ਼ ਦਿਸ ਰਿਹਾ ਹੈ ਕਿ ਪੀੜਤ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ। ਮੁਲਜ਼ਮ ਪੀੜਤ ਦੇ ਚਿਹਰੇ ’ਤੇ ਵਾਰ-ਵਾਰ ਥੱਪੜ ਮਾਰਦਿਆਂ ਅਤੇ ਗਾਲਾਂ ਕਢਦਿਆਂ ਦਿਸ ਰਿਹਾ ਹੈ।

ਇਕ ਹੋਰ ਵੀਡੀਓ ’ਚ ਮੁਲਜ਼ਮ ਪੀੜਤ ਦੇ ਚਿਹਰੇ ’ਤੇ ਕਈ ਵਾਰੀ ਜੁੱਤੇ ਮਾਰਦਿਆਂ ਦਿਸ ਰਿਹਾ ਹੈ। ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਇਸ ਘਟਨਾ ਦੇ ਸਿਲਸਿਲੇ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਡਬਰਾ ਦੇ ਐਸ.ਡੀ.ਓ.ਪੀ. ਵਿਵੇਕ ਕੁਮਾਰ ਸ਼ਰਮਾ ਨੇ ਕਿਹਾ, ‘‘ਸ਼ੁਕਰਵਾਰ ਸ਼ਾਮ ਨੂੰ ਸੋਸ਼ਲ ਮੀਡੀਆ ’ਤੇ ਇਕ ਗੱਡੀ ’ਚ ਵਿਅਕਤੀ ਦੀ ਕੁਟਮਾਰ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਕਲਿਪ ਨੂੰ ਫ਼ੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ।

ਸ਼ਰਮਾ ਨੇ ਕਿਹਾ ਕਿ ਪੀੜਤ ਪ੍ਰਵਾਰ ਦੀ ਸ਼ਿਕਾਇਤ ਤੋਂ ਬਾਅਦ ਮੁਲਜ਼ਮ ਵਿਰੁਧ ਵਿਅਕਤੀ ਨੂੰ ਅਗਵਾ ਕਰਨ ਅਤੇ ਕੁਟਮਾਰ ਕਰਨ ਲਈ ਆਈ.ਪੀ.ਸੀ. ਦੀਆਂ ਸ਼ਰਤਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਹਫ਼ਤੇ ਦੀ ਸ਼ੁਰੂਆਤ ’ਚ ਸੂਬੇ ਦੇ ਸੀਧੀ ਜ਼ਿਲ੍ਹੇ ’ਚ ਇਕ ਵਿਅਕਤੀ ਦੇ ਆਦਿਵਾਸੀ ਨੌਜੁਆਨ ’ਤੇ ਪਿਸ਼ਾਬ ਕਰਨ ਦਾ ਵੀਡੀਓ ਸਾਹਮਣੇ ਆਇਆ ਸੀ, ਜਿਸ ਨਾਲ ਭਾਰੀਤ ਗੁੱਸਾ ਫੈਲ ਗਿਆ। ਮੰਗਲਵਾਰ ਨੂੰ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਣ ਤੋਂ ਬਾਅਦ ਮੁਲਜ਼ਮ ਪ੍ਰਵੇਸ਼ ਸ਼ੁਕਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਕ ਹੋਰ ਘਟਨਾ ’ਚ ਸ਼ਿਵਪੁਰੀ ਜ਼ਿਲ੍ਹੇ ਵਰਖੜੀ ਪਿੰਡ ’ਚ 30 ਜੂਨ ਨੂੰ ਦੋ ਦਲਿਤ ਮਰਦਾਂ ਨੂੰ ਘੱਟਗਿਣਤੀ ਫਿਰਕੇ ਨੇ ਕਥਿਤ ਤੌਰ ’ਤੇ ਇਸ ਸ਼ੱਕ ’ਚ ਕੁਟ ਦਿਤਾ ਕਿ ਉਨ੍ਹਾਂ ਨੇ ਕੁਝ ਕੁੜੀਆਂ ਨਾਲ ਛੇੜਛਾੜ ਕੀਤੀ ਅਤੇ ਉਨ੍ਹਾਂ ਦਾ ਵੀਡੀਓ ਬਣਾਇਆ। 
 

ਸੀਧੀ ਪਿਸ਼ਾਬ ਮਾਮਲਾ : ਪੀੜਤ ਨੇ ਮੁਲਜ਼ਮ ਦੀ ਰਿਹਾਈ ਦੀ ਮੰਗ ਕੀਤੀ

ਭੋਪਾਲ: ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ’ਚ ਪਿਸ਼ਾਬ ਮਾਮਲੇ ਦੇ ਪੀੜਤ ਆਦਿਵਾਸੀ ਨੇ ਸੂਬਾ ਸਰਕਾਰ ਦੇ ਇਸ ਕੰਮ ’ਚ ਸ਼ਾਮਲ ਮੁਲਜ਼ਮ ਨੂੰ ਰਿਹਾਅ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਸ ਨੂੰ ਅਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ। ਸ਼ੁਕਲਾ ਇਸ ਵੇਲੇ ਜੇਲ ’ਚ ਬੰਦ ਹੈ। ਸੀਧੀ ’ਚ ਸ਼ੁਕਲਾ ਦੇ ਘਰ ਦਾ ਕਥਿਤ ਨਾਜਾਇਜ਼ ਹਿੱਸਾ ਵੀ ਢਾਹ ਦਿਤਾ ਗਿਆ ਹੈ। ਮੁਲਜ਼ਮ ਦੇ ਬੇਇੱਜ਼ਤੀ ਕਰਨ ਵਾਲੇ ਕੰਮ ਦੇ ਬਾਵਜੂਦ ਇਹ ਮੰਗ ਕੀਤੇ ਜਾਣ ਬਾਰੇ ਪੁੱਛੇ ਜਾਣ ’ਤੇ ਪੀੜਤ ਨੇ ਕਿਹਾ, ‘‘ਹਾਂ, ਮੈਂ ਸਹਿਮਤ ਹਾਂ, ਉਹ ਸਾਡੇ ਪਿੰਡ ਦਾ ਪੰਡਿਤ ਹੈ, ਅਸੀਂ ਸਰਕਾਰ ਨੂੰ ਉਸ ਨੂੰ ਰਿਹਾਅ ਕਰਨ ਦੀ ਮੰਗ ਕਰਦ ਹਾਂ।’’