ਧਾਰਾ 370 ਖ਼ਤਮ ਹੋਣ ਤੋਂ ਬਾਅਦ ਅੱਜ ਦੇਸ਼ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿਨ ਵੀਰਵਾਰ ਨੂੰ ਸ਼ਾਮ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ।

Narendra Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿਨ ਵੀਰਵਾਰ ਨੂੰ ਸ਼ਾਮ 8 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਹੋਣ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਸੰਬੋਧਨ ਹੋਵੇਗਾ। ਆਲ ਇੰਡੀਆ ਰੇਡੀਓ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਪੀਐਮ ਮੋਦੀ ਬੁੱਧਵਾਰ ਨੂੰ ਹੀ ਰਾਸ਼ਟਰ ਨੂੰ ਸੰਬੋਧਨ ਕਰਨ ਵਾਲੇ ਸਨ ਪਰ ਭਾਜਪਾ ਆਗੂ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ ਕਾਰਨ ਅਜਿਹਾ ਨਹੀਂ ਹੋ ਸਕਿਆ ਸੀ।

 


 

ਪੀਐਮ ਮੋਦੀ ਅਪਣੇ ਸੰਬੋਧਨ ਵਿਚ ਜੰਮੂ ਕਸ਼ਮੀਰ ਦੇ ਖ਼ਾਸ ਦਰਜੇ ਨੂੰ ਖ਼ਤਮ ਕਰਨ ਅਤੇ ਇਸ ਨੂੰ ਦੋ ਕੇਂਦਰ ਸ਼ਾਸਤ ਖੇਤਰਾਂ ਵਿਚ ਬਦਲਣ ਦੇ  ਫੈਸਲੇ ‘ਤੇ ਗੱਲਬਾਤ ਕਰ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਆਖਰੀ ਵਾਰ ਦੇਸ਼ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ 27 ਮਾਰਚ ਨੂੰ ਐਂਟੀ ਸੈਟੇਲਾਈਟ ਮਿਜ਼ਾਈਲ ਵੱਲੋਂ ਇਕ ਜੀਵਤ ਸੈਟੇਲਾਈਟ ਨੂੰ ਮਾਰ ਸੁੱਟਣ ਦੀ ਸਮਰੱਥਾ ਦਾ ਐਲਾਨ ਕਰਦੇ ਹੋਏ ਰਾਸ਼ਟਰ ਨੂੰ ਸੰਬੋਧਨ ਕੀਤਾ ਸੀ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸੰਸਦ ਨੇ ਸੰਵਿਧਾਨ ਦੀ ਧਾਰਾ 370 ਦੇ ਜ਼ਿਆਦਾਤਰ ਨਿਯਮਾਂ ਨੂੰ ਖ਼ਤਮ ਕਰਦੇ ਹੋਏ ਜੰਮੂ-ਕਸ਼ਮੀਰ ਦੇ ਖ਼ਾਸ ਦਰਜੇ ਨੂੰ ਖ਼ਤਮ ਕਰ ਦਿੱਤਾ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੋ ਵੱਖ ਵੱਖ ਕੇਂਦਰ ਸ਼ਾਸਤ ਖੇਤਰ ਬਣਾਉਣ ਵਾਲਾ ਬਿਲ ਵੀ ਪਾਸ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦਾ ਰਾਸ਼ਟਰ ਦੇ ਨਾਂਅ ਇਹ ਸੰਬੋਧਨ ਅਜਿਹੇ ਸਮੇਂ ਵਿਚ ਹੋ ਰਿਹਾ ਹੈ ਜਦੋਂ ਸੁਤੰਤਰਤਾ ਦਿਵਸ ‘ਤੇ ਲਾਲ ਕਿਲੇ ਤੋਂ ਉਹਨਾਂ ਦੇ  ਰਸਮੀ ਸੰਬੋਧਨ ਵਿਚ ਕੁੱਝ ਹੀ ਦਿਨ ਬਚੇ ਹਨ।

ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਨੂੰ ਹਟਾਉਣ ਤੋਂ ਬਾਅਦ ਸੂਬੇ ਵਿਚ ਧਾਰਾ 144 ਲਾਗੂ ਹੈ। ਕਸ਼ਮੀਰ ਵਿਚ ਸੜਕਾਂ ‘ਤੇ ਭਾਰੀ ਗਿਣਤੀ ਵਿਚ ਸੁਰੱਖਿਆ ਬਲ ਨਜ਼ਰ ਆ ਰਹੇ ਹਨ। ਸੂਬੇ ਵਿਚ ਪਹਿਲਾਂ ਤੋਂ ਹੀ 25 ਹਜ਼ਾਰ ਤੋਂ ਜ਼ਿਆਦਾ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।