ਜਿਵੇਂ ਧਾਰਾ-370 ਖ਼ਤਮ ਕੀਤੀ, ਉਂਜ ਹੀ ਰਾਮ ਮੰਦਰ ਵੀ ਬਣੇਗਾ : ਸੰਬਿਤ ਪਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਤਰਾ ਨੇ ਕਿਹਾ ਕਿ ਧਾਰਾ 370 ਨੂੰ ਖ਼ਤਮ ਕਰਨਾ, ਯੂਨੀਫ਼ਾਰਮ ਸਿਵਲ ਕੋਡ ਅਤੇ ਅਯੁਧਿਆ 'ਚ ਰਾਮ ਮੰਦਰ ਨਿਰਮਾਣ ਜਿਹੇ ਤਿੰਨ ਮੁੱਦੇ ਭਾਜਪਾ ਦੇ ਕੋਰ ਏਜੰਡੇ 'ਚ ਸ਼ਾਮਲ ਹਨ।

Ram Temple to be a reality soon: Sambit Patra

ਕੋਲਕਾਤਾ : ਭਾਜਪਾ ਦੇ ਸੀਨੀਅਰ ਆਗੂ ਸੰਬਿਤ ਪਾਤਰਾ ਨੇ ਰਾਮ ਮੰਦਰ ਬਾਰੇ ਇਕ ਵੱਡਾ ਬਿਆਨ ਦਿੱਤਾ ਹੈ। ਪਾਤਰਾ ਨੇ ਕਿਹਾ ਕਿ ਅਯੁਧਿਆ 'ਚ ਬਹੁਤ ਛੇਤੀ ਰਾਮ ਮੰਦਰ ਬਣੇਗਾ। ਜਿਵੇਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਸੂਬੇ ਦਾ ਦਰਜ਼ਾ ਹਟਾਇਆ ਗਿਆ, ਉਂਜ ਹੀ ਰਾਮ ਮੰਦਰ ਦਾ ਨਿਰਮਾਣ ਵੀ ਹੋਵੇਗਾ, ਕਿਉਂਕਿ ਭਾਜਪਾ ਦੇ ਕੋਰ ਏਜੰਡੇ ਦਾ ਇਹ ਇਕ ਅਹਿਮ ਹਿੱਸਾ ਅਤੇ ਭਰੋਸਾ ਰੱਖੋ, ਇਹ ਕੰਮ ਬਹੁਤ ਛੇਤੀ ਪੂਰਾ ਹੋਵੇਗਾ।

ਰਾਮ ਸ਼ਰਦ ਕੋਠਾਰੀ ਪ੍ਰਤਿਭਾ ਸਨਮਾਨ 2019 ਦੇ ਪ੍ਰੋਗਰਾਮ ਨੂੰ ਸੰਬੋਧਤ ਕਰਦਿਆਂ ਸੰਬਿਤ ਪਾਤਰਾ ਨੇ ਕਿਹਾ, "ਭਰੋਸਾ ਅਤੇ ਸਬਰ ਰੱਖੋ, ਰਾਮ ਮੰਦਰ ਛੇਤੀ ਹੀ ਬਣੇਗਾ। ਇਸ ਤੋਂ ਪਹਿਲਾਂ ਅਸੀ ਜਦੋਂ ਵੀ ਕਿਸੇ ਪ੍ਰੋਗਰਾਮ 'ਚ ਜਾਂਦੇ ਸੀ ਤਾਂ ਸਾਡੇ ਤੋਂ ਪੁੱਛਿਆ ਜਾਂਦਾ ਸੀ ਕਿ ਕਸ਼ਮੀਰ 'ਚੋਂ ਧਾਰਾ 370 ਕਦੋਂ ਹਟੇਗੀ। ਲੋਕਾਂ ਨੂੰ ਲੱਗਦਾ ਸੀ ਕਿ ਇਹ ਕਦੇ ਹਕੀਕਤ ਨਹੀਂ ਹੋਵੇਗਾ। ਪਰ ਹੁਣ ਤੁਸੀ ਵੇਖ ਸਕਦੇ ਹੋ ਕਿ ਇਹ ਰੱਦ ਹੋ ਚੁੱਕਾ ਹੈ। ਇਸ ਲਈ ਭਰੋਸਾ ਰੱਖੋ। ਰਾਮ ਮੰਦਰ ਭਾਜਪਾ ਦੇ ਮੁੱਖ ਏਜੰਡੇ 'ਚ ਸ਼ਾਮਲ ਹੈ, ਜਿਸ ਨੂੰ ਅੰਜਾਮ ਤਕ ਪਹੁੰਚਾਵਾਂਗੇ।" ਜ਼ਿਕਰਯੋਗ ਹੈ ਕਿ ਰਾਮ ਕੋਠਾਰੀ ਅਤੇ ਸ਼ਰਦ ਕੋਠਾਰੀ 1990 ਦੇ ਦਹਾਕੇ 'ਚ ਅਯੁਧਿਆ 'ਚ ਰਾਮ ਜਨਮ ਭੂਮੀ ਵਾਲੀ ਥਾਂ 'ਤੇ ਕਾਰ ਸੇਵਾ ਦੌਰਾਨ ਪੁਲਿਸ ਗੋਲੀਬਾਰੀ 'ਚ ਮਾਰੇ ਗਏ ਸਨ।

ਪਾਤਰਾ ਨੇ ਕਿਹਾ ਕਿ ਧਾਰਾ 370 ਨੂੰ ਖ਼ਤਮ ਕਰਨਾ, ਯੂਨੀਫ਼ਾਰਮ ਸਿਵਲ ਕੋਡ ਅਤੇ ਅਯੁਧਿਆ 'ਚ ਰਾਮ ਮੰਦਰ ਨਿਰਮਾਣ ਜਿਹੇ ਤਿੰਨ ਮੁੱਦੇ ਭਾਜਪਾ ਦੇ ਕੋਰ ਏਜੰਡੇ 'ਚ ਸ਼ਾਮਲ ਹਨ। ਸਾਲ 2014 ਤੋਂ ਬਾਅਦ ਦੇਸ਼ ਦਾ ਮਾਹੌਲ ਬਦਲਿਆ ਹੈ। ਇਸ ਤੋਂ ਪਹਿਲਾਂ ਵੰਸ਼ਵਾਦ ਦੀ ਰਾਜਨੀਤੀ ਅਤੇ ਭ੍ਰਿਸ਼ਟਾਚਾਰ ਹੀ ਸੱਭ ਕੁਝ ਸੀ ਪਰ ਹੁਣ ਵਿਕਾਸ ਅਤੇ ਦੇਸ਼ ਨੂੰ ਅੱਗੇ ਲਿਜਾਣਾ ਮੁੱਖ ਉਦੇਸ਼ ਹੈ। ਦੇਸ਼ ਦਾ ਹਰ ਨਾਗਰਿਕ ਹੁਣ ਵਿਕਾਸ ਅਤੇ ਤਰੱਕੀ ਦੀਆਂ ਗੱਲਾਂ ਕਰਦਾ ਹੈ। ਅਜਿਹੇ 'ਚ ਉਹ ਦਿਨ ਦੂਰ ਨਹੀਂ ਜਦੋਂ ਦੇਸ਼ 'ਚ ਰਾਮ ਮੰਦਰ ਬਣੇਗਾ।