ਜਾਮਾ ਮਸਜਿਦ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ
ਕਿਲਾ ਥਾਣਾ ਖੇਤਰ 'ਚ ਜਾਮਾ ਮਸਜਿਦ ਦੀ ਕੰਧ 'ਤੇ ਧਮਕੀ ਪੱਤਰ ਚਿਪਕਾਇਆ ਗਿਆ ਸੀ।
ਬਰੇਲੀ: ਜ਼ਿਲ੍ਹੇ ਦੇ ਕਿਲਾ ਥਾਣਾ ਖੇਤਰ 'ਚ ਜਾਮਾ ਮਸਜਿਦ ਦੇ ਇਮਾਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਦੋਸ਼ 'ਚ ਵੀਰਵਾਰ ਸਵੇਰੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ। ਉਸ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਸੀਨੀਅਰ ਪੁਲਿਸ ਸੁਪਰਡੈਂਟ ਸਤਿਆਰਥ ਅਨਿਰੁਧ ਪੰਕਜ ਨੇ ਦੱਸਿਆ ਕਿ ਬੁੱਧਵਾਰ ਸਵੇਰੇ 6 ਵਜੇ ਕਿਲਾ ਥਾਣਾ ਖੇਤਰ 'ਚ ਜਾਮਾ ਮਸਜਿਦ ਦੀ ਕੰਧ 'ਤੇ ਧਮਕੀ ਪੱਤਰ ਚਿਪਕਾਇਆ ਗਿਆ ਸੀ।
ਇਸ ਵਿਚ ਮਸਜਿਦ ਵਿਚ ਧਮਾਕਾ ਕਰਨ ਅਤੇ ਮਸਜਿਦ ਦੇ ਇਮਾਮ ਮੁਫਤੀ ਖੁਰਸ਼ੀਦ ਆਲਮ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ਸਬੰਧੀ ਥਾਣਾ ਕਿਲਾ ਵਿਖੇ ਮਾਮਲਾ ਦਰਜ ਕੀਤਾ ਗਿਆ। ਉਹਨਾਂ ਦੱਸਿਆ ਕਿ ਪੁਲਿਸ ਨੇ ਅੱਜ ਸਵੇਰੇ ਇਸ ਮਾਮਲੇ ਵਿਚ ਕਿਲਾ ਇਲਾਕਾ ਵਾਸੀ ਮੁਹੰਮਦ ਸਮਦ (25) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਉਸ ਨੇ ਧਮਕੀਆਂ ਦੇਣ ਅਤੇ ਪੇਪਰ ਚਿਪਕਾਉਣ ਦਾ ਜੁਰਮ ਕਬੂਲ ਕਰ ਲਿਆ ਹੈ।
ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਮੁਫਤੀ ਖੁਰਸ਼ੀਦ ਆਲਮ ਨੇ ਈਦ 'ਤੇ ਜਲੂਸ 'ਚ ਡੀਜੇ ਵਜਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਹ ਨਾਰਾਜ਼ ਸੀ। ਉਸ ਨੇ ਉਹਨਾਂ ਨੂੰ ਮਸਜਿਦ ਤੋਂ ਬਾਹਰ ਕੱਢਣ ਲਈ ਗੋਲੀ ਮਾਰਨ ਅਤੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ।