ਪ੍ਰਧਾਨ ਮੰਤਰੀ ਜੀ! ਤੁਹਾਨੂੰ ਖੁਲ੍ਹਾ ਖ਼ਤ ਲਿਖਣਾ ਦੇਸ਼ਧ੍ਰੋਹ ਕਿਵੇਂ ਹੋ ਸਕਦੈ?

ਏਜੰਸੀ

ਖ਼ਬਰਾਂ, ਰਾਸ਼ਟਰੀ

ਉਘੀਆਂ ਸ਼ਖ਼ਸੀਅਤਾਂ ਨੇ ਮੁੜ ਲਿਖਿਆ ਪੱਤਰ, ਮੋਦੀ ਨੂੰ ਕੀਤੇ ਸਵਾਲ

Activists Write Fresh Letter To PM Modi

ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਲ੍ਹਾ ਖ਼ਤ ਲਿਖਣ ਵਾਲੀਆਂ 49 ਹਸਤੀਆਂ ਵਿਰੁਧ ਪਰਚਾ ਦਰਜ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਸਭਿਆਚਾਰਕ ਤਬਕੇ ਦੇ 180 ਤੋਂ ਵੱਧ ਮੈਂਬਰਾਂ ਨੇ ਪੁਛਿਆ ਹੈ ਕਿ ਪ੍ਰਧਾਨ ਮੰਤਰੀ ਨੂੰ ਖੁਲ੍ਹਾ ਖ਼ਤ ਲਿਖਣ ਨੂੰ ਦੇਸ਼ਧ੍ਰੋਹ ਦੀ ਗਤੀਵਿਧੀ ਕਿਵੇਂ ਮੰਨ ਲਿਆ ਜਾਵੇ। ਨਿਖੇਧੀ ਕਰਨ ਵਾਲਿਆਂ ਵਿਚ ਅਦਾਕਾਰ ਨਸੀਰੂਦੀਨ ਸ਼ਾਹ, ਸਿਨੇਮਾਟੋਗ੍ਰਾਫ਼ਰ ਆਨੰਦ ਪ੍ਰਧਾਨ, ਇਤਿਹਾਸਕਾਰ ਰੋਮਿਲਾ ਥਾਪਰ ਅਤੇ ਕਾਰਕੁਨ ਹਰਸ਼ ਮੰਡੇਰ ਵੀ ਸ਼ਾਮਲ ਹਨ।

7 ਅਕਤੂਬਰ ਨੂੰ ਜਾਰੀ ਕੀਤੇ ਗਏ ਪੱਤਰ ਵਿਚ ਉਘੀਆਂ ਸ਼ਖ਼ਸੀਅਤਾਂ ਨੇ ਸਵਾਲ ਕੀਤਾ ਹੈ ਕਿ ਪ੍ਰਧਾਨ ਮੰਤਰੀ ਨੂੰ ਖੁਲ੍ਹਾ ਖ਼ਤ ਲਿਖਣਾ ਕਿਸ ਤਰ੍ਹਾਂ ਦੇਸ਼ਧ੍ਰੋਹ ਦੀ ਗਤੀਵਿਧੀ ਮੰਨ ਲਿਆ ਜਾਵੇ। ਪੱਤਰ ਮੁਤਾਬਕ ਸਭਿਆਚਾਰਕ ਭਾਈਚਾਰੇ ਦੇ ਸਾਡੇ 49 ਸਾਥੀਆਂ ਵਿਰੁਧ ਪਰਚਾ ਦਰਜ ਕੀਤਾ ਗਿਆ ਸਿਰਫ਼ ਇਸ ਲਈ ਕਿਉਂਕਿ ਉਨ੍ਹਾਂ ਨੇ ਨਾਗਰਿਕ ਸਮਾਜ ਦਾ ਸਨਮਾਨਤ ਮੈਂਬਰ ਹੋਣ ਦੀ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਦੇਸ਼ ਵਿਚ ਮੌਬ ਲਿਚਿੰਗ ਸਬੰਧੀ ਚਿੰਤਾ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੂੰ ਖੁਲ੍ਹਾ ਖ਼ਤ ਲਿਖਿਆ ਸੀ।' ਕਿਹਾ ਗਿਆ, 'ਕੀ ਇਸ ਨੂੰ ਦੇਸ਼ਧ੍ਰੋਹ ਦੀ ਗਤੀਵਿਧੀ ਕਿਹਾ ਜਾ ਸਕਦਾ ਹੈ ਜਾਂ ਨਾਗਰਿਕਾਂ ਦੀ ਆਵਾਜ਼ ਬੰਦ ਕਰਨ ਲਈ ਅਦਾਲਤਾਂ ਦੀ ਦੁਰਵਰਤੋਂ ਕਰ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਇਸ ਪੱਤਰ 'ਤੇ ਹਸਤਾਖਰ ਕਰਨ ਵਾਲੇ ਲੇਖਕ ਅਸ਼ੋਕ ਵਾਜਪਾਈ, ਜ਼ੈਰੀ ਪਿੰਟੋ, ਸਿਖਿਆ ਮਾਹਰ ਇਰਾ ਭਾਸਕਰ, ਕਵੀ ਜੀਤ ਥਾਇਲ, ਲੇਖਕ ਸ਼ਸੂਲ ਇਸਲਾਮ, ਸੰਗੀਤਕਾਰ ਟੀਐਮ ਕ੍ਰਿਸ਼ਨ ਅਤੇ ਫ਼ਿਲਮਕ ਕਾਰਕੁਨ ਸਬਾ ਦੀਵਾਨ ਸਮੇਤ ਹੋਰਾਂ ਨੇ ਅਹਿਦ ਲਿਆ ਕਿ ਜਨਤਾ ਦੀ ਆਵਾਜ਼ ਬੰਦ ਕਰਨ ਦੇ ਵਿਰੋਧ ਵਿਚ ਉਹ ਮੂੰਹ ਖੋਲ੍ਹਣਗੇ। ਉਨ੍ਹਾਂ ਪਹਿਲੇ ਪੱਤਰ ਪ੍ਰਤੀ ਵੀ ਸਮਰਥਨ ਪ੍ਰਗਟ ਕੀਤਾ। ਪਰਚਾ ਤਿੰਨ ਅਕਤੂਬਰ ਨੂੰ ਆਈਪੀਸੀ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ ਜਿਸ ਵਿਚ ਦੇਸ਼ਧ੍ਰੋਹ, ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਜਨਤਕ ਕਾਰਜਾਂ ਵਿਚ ਅੜਿੱਕਾ ਪਾਉਦਾ, ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਅਪਮਾਨ ਕਰਨ ਸਮੇਤ ਕਈ ਧਾਰਾਵਾਂ ਸ਼ਾਮਲ ਹਨ।