ਹਵਾਈ ਫੌਜ ਦਿਵਸ ਮੌਕੇ ਰਾਫੇਲ, ਤੇਜਸ ਅਤੇ ਜਗੁਆਰ ਦੇ ਕਾਫ਼ਲੇ ਨੇ ਦਿਖਾਏ ਸ਼ਾਨਦਾਰ ਕੌਤਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਹਵਾਈ ਫੌਜ ਦਿਵਸ ਮੌਕੇ ਕੁੱਲ 56 ਏਅਰਕ੍ਰਾਫ਼ਟ ਦਿਖਾ ਰਹੇ ਅਪਣਾ ਪ੍ਰਦਰਸ਼ਨ

Aircrafts including Rafale, Mig-29 and Sukhoi-30 take part in parade

ਨਵੀਂ ਦਿੱਲੀ: ਪੂਰਾ ਦੇਸ਼ ਅੱਜ ਭਾਰਤੀ ਹਵਾਈ ਫੌਜ ਦਿਵਸ ਦੀ 88ਵੀਂ ਵਰੇਗੰਢ ਮਨਾ ਰਿਹਾ ਹੈ। ਇਸ ਮੌਕੇ ਅੱਜ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ 'ਤੇ ਕੁੱਲ 56 ਏਅਰਕ੍ਰਾਫ਼ਟ ਅਪਣਾ ਪ੍ਰਦਰਸ਼ਨ ਦਿਖਾ ਰਹੇ ਹਨ। ਇਹਨਾਂ ਵਿਚ ਰਾਫ਼ੇਲ, ਸੁਖੋਈ, ਮਿਗ 29, ਮਿਰਾਜ਼, ਜਗੁਆਰ ਅਤੇ ਤੇਜਸ ਸ਼ਾਮਲ ਹਨ।

ਇਸ ਦੌਰਾਨ ਲੜਾਕੂ ਜਹਾਜ਼ ਰਾਫ਼ੇਲ ਨੇ ਉਡਾਣ ਭਰ ਕੇ ਆਸਮਾਨ ਅਪਣਾ ਦਮ ਦਿਖਾਇਆ। ਰਾਫੇਲ ਤੋਂ ਇਲਾਵਾ ਇਸ ਮੌਕੇ ਥ੍ਰੀ ਫਾਰਮੇਸ਼ਨ 'ਚ ਜਗੁਆਰ ਜਹਾਜ਼ ਵੀ ਰਹੇ, ਜਿਨ੍ਹਾਂ ਨੇ ਆਸਮਾਨ 'ਚ ਉਡਾਣ ਭਰੀ। ਰਾਫੇਲ ਤੋਂ ਬਾਅਦ ਦੇਸੀ ਜਹਾਜ਼ ਤੇਜਸ ਨੇ ਆਸਮਾਨ 'ਚ ਆਪਣਾ ਦਮ ਦਿਖਾਇਆ। 

ਇਸ ਮੌਕੇ ਏਅਰ ਚੀਫ਼ ਮਾਰਸ਼ਲ ਆਰਕੇ ਐਸ ਭਦੌਰੀਆ ਨੇ ਹਵਾਈ ਫੌਜ ਦੇ ਜਾਂਬਾਜ਼ ਪਾਇਲਟਾਂ ਨੂੰ ਸੰਬੋਧਨ ਕੀਤਾ ਅਤੇ ਪਰੇਡ ਦਾ ਨਿਰੀਖਣ ਕੀਤਾ। ਹਵਾਈ ਫੌਜ ਮੁਖੀ ਆਰਕੇਐਸ ਭਦੌਰੀਆ ਨੇ ਇਸ ਮੌਕੇ ਸੰਬੋਧਨ ਦੌਰਾਨ ਕਿਹਾ ਕਿ ਹਵਾਈ ਫੌਜ ਭਵਿੱਖ ਵਿਚ ਹਰ ਤਰ੍ਹਾਂ ਦੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ। 

ਦੱਸ ਦਈਏ ਕਿ ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸਮੂਹ ਦੇਸ਼ ਵਾਸੀਆਂ ਨੂੰ ਹਵਾਈ ਫ਼ੌਜ ਦੀ 88ਵੀਂ ਵਰ੍ਹੇਗੰਢ ਦੀ ਮੁਬਾਰਕਬਾਦ ਦਿੱਤੀ।  ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫੌਜ ਅਧਿਕਾਰਕ ਤੌਰ 'ਤੇ ਬ੍ਰਿਟਿਸ਼ ਰਾਜ ਵੱਲੋਂ 8 ਅਕਤੂਬਰ 1932 ਵਿਚ ਸਥਾਪਿਤ ਕੀਤੀ ਗਈ ਸੀ, ਕਿਉਂਕਿ ਉਸ ਸਮੇਂ ਭਾਰਤ 'ਤੇ ਅੰਗਰੇਜ਼ਾਂ ਦਾ ਰਾਜ ਸੀ।

ਭਾਰਤੀ ਹਵਾਈ ਫੌਜ ਤਿੰਨ ਇੰਡੀਅਨ ਆਰਮਡ ਫੋਰਸਿਜ਼ ਦੀ ਹਵਾਈ ਸ਼ਾਖਾ ਹੈ ਅਤੇ ਇਸ ਫੌਜ ਦਾ ਮੁੱਢਲਾ ਮਿਸ਼ਨ ਸੰਘਰਸ਼ ਸਮੇਂ ਭਾਰਤੀ ਹਵਾਈ ਖੇਤਰ ਨੂੰ ਸੁਰੱਖਿਅਤ ਕਰਨਾ ਅਤੇ ਹਵਾਈ ਗਤੀਵਿਧੀਆਂ ਦਾ ਸੰਚਾਲਨ ਕਰਨਾ ਹੈ। ਭਾਰਤੀ ਹਵਾਈ ਫੌਜ ਦੇ ਏਅਰਕ੍ਰਾਫ਼ਟ ਨੇ ਅਪਣੀ ਪਹਿਲੀ ਉਡਾਣ 1 ਅਪ੍ਰੈਲ 1933 ਨੂੰ ਭਰੀ ਸੀ।