ਰੇਲ ਵਿਭਾਗ ਦੇਵੇਗਾ ਚੁਣੌਤੀਗ੍ਰਸਤ ਬੱਚਿਆਂ ਦੀ ਦੇਖਭਾਲ ਲਈ ਖਾਸ ਛੁੱਟੀ
ਅਪਣੇ ਪੂਰੇ ਸੇਵਾਕਾਲ ਦੌਰਾਨ ਔਰਤ ਨੂੰ 735 ਦਿਨ ਦੀ ਛੁੱਟੀ ਮਿਲੇਗੀ। ਇਸ ਵਿਚ ਚੁਣੌਤੀਗ੍ਰਸਤ ਬੱਚਿਆਂ ਦੀ ਉਮਰ ਹੱਦ ਦੀ ਕੋਈ ਮਿਆਦ ਨਿਰਧਾਰਤ ਨਹੀਂ ਕੀਤੀ ਗਈ ਹੈ।
ਮੁਰਾਦਾਬਾਦ, ( ਪੀਟੀਆਈ ) : ਰੇਲਵੇ ਅਪਣੀ ਮਹਿਲਾ ਕਰਮਚਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਪੱਖ ਤੋਂ ਚੁਣੌਤੀਗ੍ਰਸਤ ਬੱਚਿਆਂ ਦੀ ਦੇਖਭਾਲ ਲਈ ਖਾਸ ਛੁੱਟੀ ਦੇਵੇਗਾ। ਸੇਵਾਕਾਲ ਵਿਚ ਉਨਾਂ ਨੂੰ 735 ਦਿਨ ਤਨਖਾਹ ਸਮੇਤ ਛੁੱਟੀ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਰੇਲਵੇ ਬੋਰਡ ਨੇ ਹੁਕਮ ਜਾਰੀ ਕੀਤਾ ਹੈ। ਸਰਕਾਰੀ ਨੌਕਰੀ ਵਿਚ ਬੱਚੇ ਦੇ ਜਨਮ ਤੋਂ ਲੈ ਕੇ 10 ਸਾਲ ਤੱਕ ਦੇ ਬੱਚਿਆਂ ਦੀ ਦੇਖਭਾਲ ਲਈ ਛੁੱਟੀ ਮਿਲਦੀ ਹੈ।
ਪਰ ਸਰੀਰਕ ਅਤੇ ਮਾਨਸਿਕ ਪੱਖ ਤੋਂ ਚੁਣੌਤੀਗ੍ਰਸਤ ਬੱਚਿਆਂ ਦੀ ਦੇਖਭਾਲ ਲਈ ਔਰਤਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਹਿਲਾ ਸੰਗਠਨਾਂ ਵੱਲੋਂ ਇਸ ਸਬੰਧ ਵਿਚ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਹੈ। ਟਰੇਡ ਯੂਨੀਅਨ ਵੀ ਰੇਲ ਪ੍ਰਬੰਧਨ ਤੋਂ ਇਸ ਦੀ ਮੰਗ ਕਰ ਚੁੱਕਾ ਹੈ। ਰੇਲਵੇ ਬੋਰਡ ਨੇ ਅਜਿਹੇ ਬੱਚਿਆਂ ਦੀ ਦੇਖਭਾਲ ਲਈ ਅਪਣੀ ਮਹਿਲਾ ਕਰਮਚਾਰੀਆਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ।
ਰੇਲਵੇ ਬੋਰਡ ਦੇ ਸੰਯੁਕਤ ਨਿਰਦੇਸ਼ਕ ਸਥਾਪਨਾ ( ਪੀਐਂਡਏ) ਐਨ ਪੀ ਸਿੰਘ ਨੇ 17 ਅਕਤੂਬਰ ਨੂੰ ਇਸ ਸਬੰਧ ਵਿਚ ਚਿੱਠੀ ਜਾਰੀ ਕੀਤੀ। ਇਸ ਵਿਚ ਕਿਹਾ ਗਿਆ ਹੈ ਕਿ ਜਿਸ ਮਹਿਲਾ ਕਰਮਚਾਰੀ ਦੀ ਔਲਾਦ ਸਰੀਰਕ ਜਾਂ ਮਾਨਸਿਕ ਪੱਖ ਤੋਂ ਚੁਣੌਤੀਗ੍ਰਸਤ ਹੈ ਤਾਂ ਉਸ ਨੂੰ ਖਾਸ ਛੱਟੀ ਦਿਤੀ ਜਾਵੇਗੀ। ਅਪਣੇ ਪੂਰੇ ਸੇਵਾਕਾਲ ਦੌਰਾਨ ਔਰਤ ਨੂੰ 735 ਦਿਨ ਦੀ ਛੁੱਟੀ ਮਿਲੇਗੀ। ਇਸ ਵਿਚ ਚੁਣੌਤੀਗ੍ਰਸਤ ਬੱਚਿਆਂ ਦੀ ਉਮਰ ਹੱਦ ਦੀ ਕੋਈ ਮਿਆਦ ਨਿਰਧਾਰਤ ਨਹੀਂ ਕੀਤੀ ਗਈ ਹੈ। ਇਕ ਵਾਰ ਵਿਚ ਘੱਟ ਤੋਂ ਘੱਟ 15 ਦਿਨਾਂ ਦੀ ਛੱਟੀ ਲਈ ਜਾ ਸਕਦੀ ਹੈ।
ਇਸ ਦੇ ਲਈ ਔਰਤ ਕਰਮਚਾਰੀ ਨੂੰ ਔਲਾਦ ਦੇ ਚੁਣੌਤੀਗ੍ਰਸਤ ਹੋਣ ਦਾ ਮੈਡੀਕਲ ਸਰਟੀਫਿਕੇਟ ਦੇਣਾ ਪਵੇਗਾ। ਬੋਰਡ ਨੇ ਸਾਰੇ ਜੇਨਰਲ ਮੈਨੇਜਰਾਂ ਨੂੰ ਇਸ ਹੁਕਮ ਨੂੰ ਤੁਰਤ ਲਾਗੂ ਕਰਨ ਦੀ ਨੋਟਿਫੇਕੇਸ਼ਨ ਜਾਰੀ ਕਰ ਦਿਤੀ ਹੈ। ਖਾਸ ਛੁੱਟੀ ਦੌਰਾਨ ਔਰਤ ਕਰਮਚਾਰੀ ਨੂੰ ਤਨਖਾਹ ਵੀ ਮਿਲੇਗੀ। ਮੰਡਲ ਰੇਲ ਪ੍ਰਬੰਧਕ ਅਜੇ ਕੁਮਾਰ ਸਿੰਘਲ ਨੇ ਦੱਸਿਆ ਕਿ ਉਤਰ ਪ੍ਰਦੇਸ਼ ਹੈਡਕੁਆਟਰ ਤੋਂ ਚਿੱਠੀ ਮਿਲਦੇ ਹੀ ਇਹ ਵਿਵਸਥਾ ਲਾਗੂ ਕਰ ਦਿਤੀ ਜਾਵੇਗੀ।