ਸ੍ਰੀਸ੍ਰੀ ਰਵੀਸ਼ੰਕਰ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ‘ਚ ਜਾਣ ਤੋਂ ਕੀਤੀ ਨਾਹ
ਸਨੀ ਦਿਉਲ ਹੋਣਗੇ ਲਾਂਘੇ ਉਦਘਾਟਨ ਵਿਚ ਸ਼ਾਮਲ
ਨਵੀਂ ਦਿੱਲੀ : ਅਧਿਆਤਮਕ ਗੁਰੂ ਸ੍ਰੀਸ੍ਰੀ ਰਵੀਸ਼ੰਕਰ ਪਾਕਿਸਤਾਨ ਸਰਕਾਰ ਦੇ ਸੱਦੇ 'ਤੇ ਕਰਤਾਰਪੁਰ ਲਾਂਘੇ ਉਦਘਾਟਨ ਦੇ ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ। ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਇਸ ਸਮਾਗਮ ਲਈ ਸੱਦਾ ਦਿੱਤਾ ਸੀ। ਪਾਕਿਸਤਾਨ ਸਰਕਾਰ ਨੇ ਸ੍ਰੀਸ੍ਰੀ ਰਵੀਸ਼ੰਕਰ ਨੂੰ ਬੀਤੇ ਵੀਰਵਾਰ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਆਉਣ ਲਈ ਸੱਦਾ ਭੇਜਿਆ ਸੀ।
ਸੱਦੇ ਵਿਚ ਲਿਖਿਆ ਗਿਆ ਸੀ, “ਕਰਤਾਰੁਪਰ ਲਾਂਘੇ ਦਾ ਉਦਘਾਟਨ ਧਾਰਮਕ ਸੈਰ ਸਪਾਟਾ ਵਧਾਉਣ ਨੂੰ ਹਿੰਸਾ ਮੁਕਤ ਦੁਨੀਆਂ ਦੇ ਤੁਹਾਡੇ ਸੰਦੇਸ਼ ਨਾਲ ਮੇਲ ਖਾਂਦਾ ਹੈ। ਪਾਕਿਸਤਾਨ ਦੇ ਕਰਤਾਰਪੁਰ ‘ਚ ਦਰਬਾਰ ਸਾਹਿਬ ਨੂੰ ਪੰਜਾਬ ਦੇ ਡੇਰਾ ਬਾਬਾ ਨਾਨਕ ਨਾਲ ਜੋੜਿਆ ਹੈ, ਜਿਸ ਦਾ ਉਦਘਾਟਨ 9 ਨਵੰਬਰ ਨੂੰ ਹੋਣ ਵਾਲਾ ਹੈ।
ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਣ ਦੀ ਮਨਜੂਰੀ ਮਿਲ ਗਈ ਹੈ। ਉਹ 9 ਨਵੰਬਰ ਨੂੰ ਕਰਤਾਰੁਪਰ ਲਾਂਘੇ ਦੇ ਉਦਘਾਟਨ ਸਮਾਗਮ ਵਿਚ ਸ਼ਾਮਲ ਹੋਣਗੇ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਪਾਕਿਸਤਾਨ ਜਾਣ ਦੀ ਮਨਜੂਰੀ ਮੰਗੀ ਸੀ, ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਜਾਣ ਦੀ ਮਨਜੂਰੀ ਦੇ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਉਲ ਵੀ ਕਰਤਾਰਪੁਰ ਲਾਂਘੇ ਉਦਘਾਟਨ ਸਮਾਗਮ ਵਿਚ ਸ਼ਾਮਲ ਹੋਣਗੇ। ਇਸ ਦੇ ਲਈ ਸਨੀ ਦਿਉਲ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਅਧਿਕਾਰਕ ਜੱਥੇ ਦਾ ਹਿੱਸਾ ਹੋਣਗੇ। ਇਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੁਆਰਾ ਦਿੱਤੀ ਗਈ ਹੈ।