ਕਰਤਾਰਪੁਰ ਲਾਂਘਾ ਸਿੱਖਾਂ ਦੇ ਵਿਛੋੜੇ ਦੇ ਦਰਦ ਉਪਰ ਮੱਲ੍ਹਮ ਦਾ ਕੰਮ ਕਰੇਗਾ: ਰਵੀਇੰਦਰ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਕਿਹਾ - ਸਰਨਾ ਭਰਾਵਾਂ ਵਲੋਂ ਸਜਾਏ ਗਏ ਨਗਰ ਕੀਰਤਨ ਵੀ ਬਾਦਲ ਪ੍ਰਵਾਰ ਨੂੰ ਹਜ਼ਮ ਨਹੀਂ ਹੋ ਰਹੇ ਸਨ।

Ravinder Singh

ਬਠਿੰਡਾ : ਪਾਕਿਸਤਾਨ ਵਿਚ ਰਹਿ ਗਏ ਗੁਰਧਾਮਾਂ ਦੇ ਵਿਛੋੜੇ ਦੇ ਦਰਦ ਉਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਮੱਲ੍ਹਮ ਦਾ ਕੰਮ ਕਰੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ. ਰਵੀਇੰਦਰ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ 1920 ਅਤੇ ਸਰਪ੍ਰਸਤ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਬਠਿੰਡਾ ਵਿਖੇ ਪ੍ਰੈਸ ਵਾਰਤਾਲਾਪ ਵਿਚ ਕੀਤਾ।

ਪਾਕਿਸਤਾਨ ਤੋਂ ਸ਼ੁਰੂ ਹੋਏ ਨਗਰ ਕੀਰਤਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰਵਾਰ ਨੇ ਨਗਰ ਕੀਰਤਨ ਰਾਹੀਂ ਵੀ ਅਪਣੀ ਡਿੱਗੀ ਸ਼ਾਖ ਨੂੰ ਬਹਾਲ ਕਰਨ ਦੇ ਯਤਨਾਂ ਵਜੋਂ ਲਿਆ ਹੈ। ਪਿਛਲੇ ਦਿਨੀਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਨਗਰ ਕੀਰਤਨ ਸਮੇਂ ਬਾਰਡਰ 'ਤੇ ਵੀਜ਼ਾ ਲੱਗਣ ਦੇ ਬਾਵਜੂਦ ਵੀ ਰੋਕਣ ਦੀ ਨਿਖੇਧੀ ਕਰਦਿਆਂ ਸਿੱਖ ਆਗੂਆਂ ਨੇ ਕਿਹਾ ਕਿ ਦਿੱਲੀ ਦੀ ਸਿੱਖ ਸੰਗਤ ਨਾਲ ਸਰਨਾ ਭਰਾਵਾਂ ਵਲੋਂ ਸਜਾਏ ਗਏ ਨਗਰ ਕੀਰਤਨ ਵੀ ਬਾਦਲ ਪ੍ਰਵਾਰ ਨੂੰ ਹਜ਼ਮ ਨਹੀਂ ਹੋ ਰਹੇ ਸਨ।

ਇਨ੍ਹਾਂ ਆਗੂਆਂ ਨੇ ਕਿਹਾ ਕਿ ਅੱਜ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਸਮੂਹ ਸਿੱਖ ਜਗਤ ਨੂੰ ਬਾਦਲਾਂ ਦੇ ਪੰਜੇ ਵਿਚੋਂ ਅਕਾਲ ਤਖ਼ਤ ਸਾਹਿਬ ਤੇ ਹੋਰਨਾਂ ਗੁਰਧਾਮਾਂ ਨੂੰ ਅਜ਼ਾਦ ਕਰਵਾਉਣ ਦਾ ਪ੍ਰਣ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਭਾਈ ਹਰਜਿੰਦਰ ਸਿੰਘ ਮਾਝੀ, ਦਸਤਾਰ ਫ਼ੈਡਰੇਸ਼ਨ ਦੇ ਮੁੱਖ ਸੇਵਾਦਾਰ ਭਾਈ ਪਰਗਟ ਸਿੰਘ ਭੋਡੀਪੁਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸਭਾ ਹਰਿਆਣਾ ਦੇ ਮੁੱਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।