ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਭਰਾਵਾਂ ਦਾ ਸ਼ਲਾਘਾਯੋਗ ਉਪਰਾਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਜ਼ਮੀਨ ਦੀ ਅਨੁਮਾਨਤ ਕੀਮਤ 5 ਕਰੋੜ ਰੁਪਏ ਹੋਵੇਗੀ।

Sikh brothers donate 12 acres of land worth Rs 5 crore to needy farmers


ਰੁਦਰਪੁਰ: ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੋ ਸਿੱਖ ਭਰਾਵਾਂ ਨੇ ਮਨੁੱਖਤਾ ਦੀ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਉੱਤਰਾਖੰਡ ਦੇ ਊਧਮ ਸਿੰਘ ਨਗਰ ਦੇ ਖਾਤਿਮਾ 'ਚ ਦੋ ਭਰਾਵਾਂ ਨੇ 12 ਏਕੜ ਖੇਤੀ ਵਾਲੀ ਜ਼ਮੀਨ ਗਰੀਬ ਅਤੇ ਲੋੜਵੰਦ ਕਿਸਾਨਾਂ ਨੂੰ ਦਾਨ ਕੀਤੀ ਹੈ। ਇਸ ਜ਼ਮੀਨ ਦੀ ਅਨੁਮਾਨਤ ਕੀਮਤ 5 ਕਰੋੜ ਰੁਪਏ ਹੋਵੇਗੀ। ਸਿੱਖ ਭਰਾਵਾਂ ਨੇ 4 ਏਕੜ ਹੋਰ ਜ਼ਮੀਨ ਦਾਨ ਕਰਨ ਦਾ ਐਲਾਨ ਕੀਤਾ ਹੈ।

ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਦੇ ਵਸਨੀਕ ਸਿੱਖ ਪਰਿਵਾਰ ਦੇ ਚਾਰ ਭਰਾਵਾਂ ਕੋਲ ਯੂਪੀ ਅਤੇ ਉੱਤਰਾਖੰਡ ਦੀ ਸਰਹੱਦ ਨਾਲ ਲੱਗਦੇ ਖੇਤਰ ਵਿਚ ਲਗਭਗ 125 ਏਕੜ ਜ਼ਮੀਨ ਹੈ। ਇਹਨਾਂ ਵਿਚੋਂ ਦੋ ਭਰਾ ਵਿਦੇਸ਼ ਵਿਚ ਰਹਿੰਦੇ ਹਨ। ਬਾਕੀ ਦੋ ਭਰਾ ਬਲਵਿੰਦਰ ਸਿੰਘ ਅਤੇ ਹਰਪਾਲ ਸਿੰਘ ਇੱਥੇ ਰਹਿੰਦੇ ਹਨ। ਉਹਨਾਂ ਨੇ ਉੱਤਰਾਖੰਡ ਦੇ ਖਟੀਮਾ ਨੇੜੇ 12 ਏਕੜ ਜ਼ਮੀਨ ਲੋੜਵੰਦ ਕਿਸਾਨਾਂ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਹੈ।

ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕੰਚਨਪੁਰ ਦੇ ਲੋਕਲ ਬਾਡੀ ਅਧਿਕਾਰੀ ਬੀ ਸਿੰਘ ਅਤੇ ਮਾਲ ਅਧਿਕਾਰੀ ਹੰਸੂ ਲਾਲ ਨੂੰ ਜ਼ਮੀਨ ਦੇ ਕਾਗਜ਼ ਸੌਂਪੇ ਗਏ। ਬਲਵਿੰਦਰ ਸਿੰਘ ਨੇ ਦੱਸਿਆ, “ਇਸ ਵਾਰ ਮਾਨਸੂਨ ਵਿਚ ਸ਼ਾਰਦਾ ਅਤੇ ਇਸ ਦੀ ਸਹਾਇਕ ਨਦੀ ਪਰਵੀਨ ਵਿਚ ਪਾਣੀ ਵਧਣ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਡੁੱਬ ਗਈਆਂ ਸਨ। ਉਹਨਾਂ ਦੀ ਆਮਦਨ ਦਾ ਸਰੋਤ ਖਤਮ ਹੋ ਗਿਆ ਹੈ। ਜਦੋਂ ਸਾਨੂੰ ਕਿਸਾਨਾਂ ਬਾਰੇ ਪਤਾ ਲੱਗਿਆ ਤਾਂ ਅਸੀਂ ਉਹਨਾਂ ਨੂੰ ਜ਼ਮੀਨ ਦਾਨ ਕਰਨ ਦਾ ਫੈਸਲਾ ਕੀਤਾ”।

ਉਹਨਾਂ ਕਿਹਾ, “ਸਾਡੇ ਕੋਲ ਲਗਭਗ 125 ਏਕੜ ਜ਼ਮੀਨ ਹੈ। ਅਸੀਂ ਕੁੱਲ 16 ਏਕੜ ਵਾਹੀਯੋਗ ਜ਼ਮੀਨ ਦੇਣ ਦਾ ਫੈਸਲਾ ਕੀਤਾ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਵਧੀਆ ਮੌਕਾ ਹੋਰ ਕੀ ਹੋ ਸਕਦਾ ਹੈ। ਮੈਂ ਸਾਰੇ ਵੀਰਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਇਸ ਨੇਕ ਉਪਰਾਲੇ ਲਈ ਹਾਮੀ ਭਰੀ ਹੈ”।