Mumbai Air Pollution : ਮੁੰਬਈ ’ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸੋਨਾ, ਚਾਂਦੀ ਗਲਾਉਣ ਵਾਲੀਆਂ ਇਕਾਈਆਂ ਦੀਆਂ ਚਿਮਨੀਆਂ ਢਾਹੀਆਂ ਗਈਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੁਧਵਾਰ ਨੂੰ ਮੁੰਬਈ ਦਾ ਔਸਤ ਹਵਾ ਕੁਆਲਿਟੀ ਸੂਚਕ ਅੰਕ (ਏ.ਕਿਊ.ਆਈ.) ਲਗਭਗ 150 ਜਾਂ ‘ਦਰਮਿਆਨੀ’ ਸ਼੍ਰੇਣੀ ’ਚ ਰਿਹਾ, ਛਾਈ ਰਹੀ ਧੂੰਏਂ ਨਾਲ ਭਰੀ ਧੁੰਦ

Mumbai: Smoke billows from a chimney as smog engulfs the city of Mumbai, Wednesday, Nov. 8, 2023. (PTI Photo/Kunal Patil)

Mumbai Air Pollution: ਬ੍ਰਹਨਮੁੰਬਈ ਮਹਾਂਨਗਰਪਾਲਿਕਾ (ਬੀ.ਐਮ.ਸੀ.) ਨੇ ਮੁੰਬਈ ’ਚ ਹਵਾ ਪ੍ਰਦੂਸ਼ਣ ਦੀ ਵਿਗੜਦੀ ਸਥਿਤੀ ਵਿਚਕਾਰ ਦਖਣੀ ਮੁੰਬਈ ਦੇ ਕਾਲਬਾਦੇਵੀ ਅਤੇ ਝਵੇਰੀ ਬਾਜ਼ਾਰ ਇਲਾਕੇ ’ਚ ਸੋਨੇ ਅਤੇ ਚਾਂਦੀ ਗਲਾਉਣ ਵਾਲੀਆਂ ਇਕਾਈਆਂ ਦੀਆਂ ਚਾਰ ਚਿਮਨੀਆਂ ਨੂੰ ਢਾਹ ਦਿਤਾ ਹੈ। ਅਧਿਕਾਰੀਆਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਬੀ.ਐਮ.ਸੀ. ਅਧਿਕਾਰੀਆਂ ਅਨੁਸਾਰ, ਉਨ੍ਹਾਂ ਦੇ ‘ਸੀ-ਵਾਰਡ’ ਨੇ ਇਕਾਈਆਂ ਵਿਰੁਧ ਕਾਰਵਾਈ ਕੀਤੀ ਕਿਉਂਕਿ ਉਹ ਮਹਾਂਨਗਰ ’ਚ ਹਵਾ ਪ੍ਰਦੂਸ਼ਣ ਵਧਾ ਰਹੇ ਸਨ। 

ਅਧਿਕਾਰਕ ਅੰਕੜਿਆਂ ਮੁਤਾਬਕ, ਬੁਧਵਾਰ ਨੂੰ ਮੁੰਬਈ ਦਾ ਔਸਤ ਹਵਾ ਕੁਆਲਿਟੀ ਸੂਚਕ ਅੰਕ (ਏ.ਕਿਊ.ਆਈ.) ਲਗਭਗ 150 ਜਾਂ ‘ਦਰਮਿਆਨੀ’ ਸ਼੍ਰੇਣੀ ’ਚ ਰਿਹਾ। ਗਹਿਣੇ ਬਣਾਉਣ ਦੇ ਕਾਰੋਬਾਰ ਅਤੇ ਸਬੰਧਤ ਗਤੀਵਿਧੀਆਂ ਹੇਠ ਇਨ੍ਹਾਂ ਗਲਣ ਇਕਾਈਆਂ ’ਚ ਸੋਨੇ ਅਤੇ ਚਾਂਦੀ ਨੂੰ ਪਿਘਲਾਇਆ ਜਾਂਦਾ ਹੈ, ਜੋ ਜ਼ਿਆਦਾਤਰ ਛੋਟੇ ਪੱਧਰ ਦੇ ਕਾਰਖ਼ਾਨੇ ਹੁੰਦੇ ਹਨ। ਬੀ.ਐਮ.ਸੀ. ਦੇ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਕੀਮਤੀ ਧਾਤਾਂ ਨੂੰ ਭੱਠੀ ’ਚ ਪਿਘਲਾਇਆ ਜਾਂਦਾ ਹੈ ਤਾਂ ਇਸ ਕਿਰਿਆ ਤੋਂ ਬਾਅਦ ਨਿਕਲਣ ਵਾਲੀ ਗੈਸ ਚਿਮਨੀ ਰਾਹੀਂ ਹਵਾ ’ਚ ਫੈਲ ਜਾਂਦੀ ਹੈ। 

ਅਧਿਕਾਰੀਆਂ ਨੇ ਕਿਹਾ ਕਿ ਜਦੋਂ ਅਜਿਹੇ ਧੂੰਏਂ ਨੂੰ ਵਿਗਿਆਨਕ ਸੋਧ ਤੋਂ ਬਗ਼ੈਰ ਛਡਿਆ ਜਾਂਦਾ ਹੈ ਤਾਂ ਇਹ ਮਨੁੱਖੀ ਸਿਹਤ ਲਈ ਖ਼ਤਰਾ ਪੈਦਾ ਕਰਦੇ ਹਨ। ਬੀ.ਐਮ.ਸੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਖ਼ਤਰਨਾਕ ਗੈਸਾਂ ਪ੍ਰਦੂਸ਼ਣ ਨੂੰ ਵਧਾਉਂਦੀਆਂ ਹਨ, ਇਸ ਲਈ ਬੀ.ਐਮ.ਸੀ. ਨੇ ਹਵਾ ਪ੍ਰਦੂਸ਼ਣ ਮਾਨਦੰਡਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਮੁਹਿੰਮ ਸ਼ੁਰੂ ਕੀਤੀ ਹੈ। ਅਧਿਕਾਰੀ ਨੇ ਕਿਹਾ ਕਿ ਬੀ.ਐਮ.ਸੀ. ਦੇ ਭਵਨ ਅਤੇ ਕਾਰਖ਼ਾਨਾ ਵਿਭਾਗ ਨੇ ‘ਸੀ-ਵਾਰਡ’ ’ਚ ਧਨਜੀ ਮਾਰਗ ਅਤੇ ਮਿਜਾ ਮਾਰਗ ’ਤੇ ਚਾਰ ਅਜਿਹੀਆਂ ਗਲਣ ਇਕਾਈਆਂ ਵਿਰੁਧ ਕਾਰਵਾਈ ਕੀਤੀ। 

ਬੀ.ਐਮ.ਸੀ. ਵਲੋਂ ਬੁਧਵਾਰ ਨੂੰ ਜਾਰੀ ਬਿਆਨ ਅਨੁਸਾਰ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸੰਸਥਾ ਨੂੰ ਮੁੰਬਈ ’ਚ ਹਵਾ ਪ੍ਰਦੂਸ਼ਣ ਅਤੇ ਧੂੜ ਨੂੰ ਕੰਟਰੋਲ ਕਰਨ ਲਈ ਉਪਾਅ ਕਰਨ ਦਾ ਹੁਕਮ ਦਿਤਾ ਹੈ। ਹੁਕਮ ’ਤੇ ਕਾਰਵਾਈ ਕਰਦਿਆਂ ਬੀ.ਐਮ.ਸੀ. ਨੇ ਧੂੜ ਕੰਟਰੋਲ ਲਈ ਲਗਭਗ 650 ਕਿਲੋਮੀਟਰ ਲੰਮੀ ਸੜਕ ’ਤੇ ਪਾਣੀ ਛਿੜਕਣ ਸਮੇਤ ਸਾਰੇ 24 ਨਗਰ ਨਿਗਮ ਵਾਰਡ ’ਚ ਪ੍ਰਦੂਸ਼ਣ ਵਿਰੁਧ ਕਦਮ ਚੁਕਣੇ ਸ਼ੁਰੂ ਕਰ ਦਿਤੇ ਹਨ। ਬੀ.ਐਮ.ਸੀ. ਨੇ ਪਿੱਛੇ ਜਿਹੇ ਮੁੰਬਈ ’ਚ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਨੇ ‘ਡਿਵੈਲਪਰ’ ਅਤੇ ਬੁਨਿਆਦੀ ਢਾਂਚੇ ਦਾ ਕੰਮ ਕਰਨ ਵਾਲਿਆਂ ਨੂੰ ਅਪਣੇ ਉਸਾਰੀ ਸਥਾਨਾਂ ’ਤੇ ਸਪਰਿੰਕਲਰ (ਪਾਣੀ ਦਾ ਛਿੜਕਾਅ ਕਰਨ ਵਾਲੀ) ਅਤੇ ‘ਫ਼ੌਗਿੰਗ’ ਮਸ਼ੀਨਾਂ ਖ਼ਰੀਦਣ ਲਈ ਇਕ ਮਹੀਨੇ ਦਾ ਸਮਾਂ ਦਿਤਾ ਹੈ। ਇਸ ਦਾ ਪਾਲਣ ਨਾ ਕਰਨ ਦੀ ਸਥਿਤੀ ’ਚ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿਤੀ ਗਈ ਹੈ। 

(For more news apart from Mumbai Air Pollution, stay tuned to Rozana Spokesman).