ਹੁੱਡਾ ਦੇ ਸ਼ਬਦਾਂ ਦਾ ਸਨਮਾਨ ਕਰਦੇ ਹਾਂ, ਹਰ ਵਿਅਕਤੀ ਦੀ ਅਪਣੀ ਨਿਜੀ ਧਾਰਨਾ ਹੈ : ਬਿਪਨ ਰਾਵਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਜੀਕਲ ਸਟ੍ਰਾਈਕ ਨੂੰ ਲੈ ਕੇ ਸੇਵਾ ਮੁਕਤ ਲੈਫ਼ਟੀਨੈਂਟ ਜਨਰਲ ਡੀ. ਐੱਸ. ਹੁੱਡਾ ਦੇ ਬਿਆਨ ‘ਤੇ ਹੁਣ ਫ਼ੌਜ ਮੁਖੀ ਬਿਪਨ ਰਾਵਤ ਦਾ ਬਿਆਨ ਸਾਹਮਣੇ ਆਇਆ ਹੈ...

Bipin Rawat

ਨਵੀਂ ਦਿੱਲੀ (ਭਾਸ਼ਾ) : ਸਰਜੀਕਲ ਸਟ੍ਰਾਈਕ ਨੂੰ ਲੈ ਕੇ ਸੇਵਾ ਮੁਕਤ ਲੈਫ਼ਟੀਨੈਂਟ ਜਨਰਲ ਡੀ. ਐੱਸ. ਹੁੱਡਾ ਦੇ ਬਿਆਨ ‘ਤੇ ਹੁਣ ਫ਼ੌਜ ਮੁਖੀ ਬਿਪਨ ਰਾਵਤ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁੱਡਾ ਦੇ ਸ਼ਬਦਾਂ ਦਾ ਸਨਮਾਨ ਕਰਦੇ ਹਨ। ਬਿਪਨ ਨੇ ਕਿਹਾ, ”ਇਹ ਇੱਕ ਵਿਅਕਤੀ ਦੀ ਆਪਣੀ ਨਿੱਜੀ ਧਾਰਨਾ ਹੈ, ਇਸ ਲਈ ਇਸ ‘ਤੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ। ਉਹ ਉਨ੍ਹਾਂ ਪ੍ਰਮੁੱਖ ਵਿਅਕਤੀਆਂ ‘ਚ ਸ਼ਾਮਲ ਹਨ, ਜਿਨ੍ਹਾਂ ਨੇ ਇਸ ਅਪਰੇਸ਼ਨ ਦਾ ਸੰਚਾਲਨ ਕੀਤਾ, ਇਸ ਵਜ੍ਹਾ ਕਾਰਨ ਮੈਂ ਉਨ੍ਹਾਂ ਦੇ ਸ਼ਬਦਾਂ ਦਾ ਬਹੁਤ ਸਨਮਾਨ ਕਰਦਾ ਹਾਂ।”

ਉੱਥੇ ਹੀ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ‘ਚ ਹੋਈ ਹਿੰਸਾ ਦੌਰਾਨ ਪੁਲਿਸ ਇੰਸਪੈਕਟਰ ਸੁਬੋਧ ਸਿੰਘ ਦੀ ਹੱਤਿਆ ਨੂੰ ਲੈ ਕੇ ਕਈ ਸ਼ੱਕੀਆਂ ਦੇ ਨਾਂ ਸਾਹਮਣੇ ਆਏ, ਜਿਨ੍ਹਾਂ ‘ਚੋਂ ਇੱਕ ਨਾਂ ਫ਼ੌਜ ਦੇ ਜਵਾਨ ਜਤਿੰਦਰ ਮਲਿਕ ਦਾ ਵੀ ਹੈ। ਇਸ ਬਾਰੇ ਫ਼ੌਜ ਮੁਖੀ ਜਨਰਲ ਬਿਪਨ ਰਾਵਤ ਤੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਸਬੂਤ ਮਿਲਦੇ ਹਨ ਅਤੇ ਪੁਲਿਸ ਨੂੰ ਉਹ (ਜਤਿੰਦਰ) ਸ਼ੱਕੀ ਲੱਗਦਾ ਹੈ ਤਾਂ ਅਸੀਂ ਉਸ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕਰਾਂਗੇ।

ਰਾਵਤ ਨੇ ਕਿਹਾ ਕਿ ਇਸ ਸੰਬੰਧ ‘ਚ ਪੁਲਿਸ ਨੂੰ ਵੀ ਪੂਰਾ ਸਹਿਯੋਗ ਕੀਤਾ ਜਾਵੇਗਾ। ਫ਼ੌਜੀ ਜਤਿੰਦਰ ਦੇ ਸੰਬੰਧ ‘ਚ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਉਸ ਨੂੰ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਬਾਅਦ ਯੂ. ਪੀ. ਐੱਸ. ਟੀ. ਐੱਫ. ਨੇ ਇਹ ਸਾਫ਼ ਕਰ ਦਿੱਤਾ ਕਿ ਜਤਿੰਦਰ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।