ਕਿਸਾਨ ਮੋਰਚਾ ਕੱਲ੍ਹ ਕਰ ਸਕਦਾ ਹੈ ਘਰ ਵਾਪਸੀ 'ਤੇ ਐਲਾਨ, ਕੇਂਦਰ ਵਲੋਂ ਭੇਜਿਆ ਪ੍ਰਸਤਾਵ ਕੀਤਾ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

Farmer Leaders

ਨਵੀਂ ਦਿੱਲੀ: ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਹੋਈ, ਜਿਸ ਵਿਚ ਕੇਂਦਰ ਸਰਕਾਰ ਅਤੇ ਸੰਯੁਕਤ ਕਿਸਾਨ ਮੋਰਚੇ ਵਿਚਾਲੇ ਸਮਝੌਤਾ ਹੋ ਗਿਆ ਹੈ। ਕੇਂਦਰ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਸਰਕਾਰ ਵੱਲੋਂ ਇਸ ਨੂੰ ਮੰਨਣ ਲਈ ਅਧਿਕਾਰਤ ਪੱਤਰ ਭੇਜਿਆ ਜਾਵੇਗਾ, ਫਿਰ ਕੱਲ੍ਹ ਦੁਪਹਿਰ 12 ਵਜੇ ਮੋਰਚੇ ਦੀ ਮੀਟਿੰਗ ਬੁਲਾ ਕੇ ਕਿਸਾਨਾਂ ਦੀ ਘਰ ਵਾਪਸੀ ਦਾ ਐਲਾਨ ਕੀਤਾ ਜਾਵੇਗਾ।

ਪ੍ਰੈੱਸ ਕਾਨਫਰੰਸ ਦੌਰਾਨ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਚੜੂਨੀ ਨੇ ਕਿਹਾ ਕਿ ਸਰਕਾਰ ਵੱਲੋਂ ਕੱਲ੍ਹ ਜੋ ਡਰਾਫਟ ਆਇਆ ਸੀ, ਉਸ ’ਤੇ ਅਸੀਂ ਸਹਿਮਤ ਨਹੀਂ ਹੋਏ। ਕੁਝ ਸੁਧਾਰ ਕਰਨ ਲਈ ਕਹਿਣ ਤੋਂ ਬਾਅਦ ਇਸ ਨੂੰ ਵਾਪਸ ਕਰ ਦਿੱਤਾ ਗਿਆ। ਸਰਕਾਰ ਦੋ ਕਦਮ ਹੋਰ ਅੱਗੇ ਵਧ ਗਈ ਹੈ। ਅੱਜ ਜੋ ਡਰਾਫਟ ਆਇਆ ਹੈ, ਉਸ 'ਤੇ ਅਸੀਂ ਸਹਿਮਤ ਹਾਂ।

ਉਹਨਾਂ ਕਿਹਾ ਹੁਣ ਸਰਕਾਰ ਨੂੰ ਉਸ ਡਰਾਫਟ 'ਤੇ ਸਾਨੂੰ ਅਧਿਕਾਰਤ ਪੱਤਰ ਭੇਜਣਾ ਚਾਹੀਦਾ ਹੈ। ਇਸ ਗੱਲ 'ਤੇ ਹਰ ਕੋਈ ਸਹਿਮਤ ਹੈ। ਜਿਵੇਂ ਹੀ ਪੱਤਰ ਆਵੇਗਾ, ਭਲਕੇ ਮੀਟਿੰਗ ਕਰਕੇ ਫੈਸਲਾ ਕੀਤਾ ਜਾਵੇਗਾ। ਇਸ ਸਬੰਧੀ 12 ਵਜੇ ਮੀਟਿੰਗ ਬੁਲਾਈ ਗਈ ਹੈ। ਜਿਸ ਵਿਚ ਅੰਤਿਮ ਫੈਸਲਾ ਲਿਆ ਜਾਵੇਗਾ।